ਪੰਜਾਬ ਬੋਰਡ ਵਿੱਚ ਯੋਗ ਦਿਵਸ ਨੂੰ ਸਮਰਪਿਤ ਸਮਾਗਮ ਦਾ ਮੁਲਾਜ਼ਮਾਂ ਵੱਲੋਂ ਬਾਈਕਾਟ

ਨਬਜ਼-ਏ-ਪੰਜਾਬ, ਮੁਹਾਲੀ, 13 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਡੀਟੋਰੀਅਮ ਵਿੱਚ ਯੋਗ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਬੋਰਡ ਮੁਖੀ ਡਾ. ਸਤਿਬੀਰ ਬੇਦੀ ਨੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਸਬੰਧੀ ਇੱਕ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਉੱਥੇ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਦੀ ਅਪੀਲ ’ਤੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਯੋਗ ਦਿਵਸ ਦਾ ਬਾਈਕਾਟ ਕੀਤਾ।
ਬਾਈਕਾਟ ਦੀ ਖ਼ਬਰ ਸੁਣਦਿਆਂ ਮੈਨੇਜਮੈਂਟ ਵੱਲੋਂ ਆਡੀਟੋਰੀਅਮ ਵਿੱਚ ਇਕੱਠ ਦਿਖਾਉਣ ਲਈ ਆਊਟਸੋਰਸ ਲਗਪਗ 50 ਸਫ਼ਾਈ ਕਰਮਚਾਰੀਆਂ ਅਤੇ ਪੈਸਕੋ ਦੇ ਬੋਰਡ ਵਿੱਚ ਕੰਮ ਕਰਦੇ 40 ਸਕਿਉਰਿਟੀ ਗਾਰਡ ਨੂੰ ਸੱਦ ਕੇ ਬੱੁਤਾ ਸਾਰਿਆ। ਇਸ ਤੋਂ ਇਲਾਵਾ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਿੱਜੀ ਸਟਾਫ਼ ਨੂੰ ਸ਼ਾਮਲ ਹੋਣ ਲਈ ਜ਼ੁਬਾਨੀ ਆਦੇਸ਼ ਕੀਤੇ ਗਏ। ਅਧਿਕਾਰੀਆਂ ਰਾਹੀਂ ਮੁਲਾਜ਼ਮਾਂ ’ਤੇ ਕਥਿਤ ਦਬਾਅ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਪ੍ਰੰਤੂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਨਹੀਂ ਕੀਤੀ।
ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਖੰਗੂੜਾ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋਂ ਅੱਜ ਮਾਨਸਿਕ ਸਥਿਤੀ ਨੂੰ ਲੈ ਕੇ ਯੋਗ ਸੈਸ਼ਨ ਕਰਵਾਇਆ ਗਿਆ। ਬੋਰਡ ਦੀਆਂ ਵੱਖ-ਵੱਖ ਬਰਾਂਚਾਂ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਦੇ ਚੱਲਦਿਆਂ ਮੁਲਾਜ਼ਮਾਂ ’ਤੇ ਕੰਮ ਦਾ ਵਾਧੂ ਬੋਝ ਵਧਣ ਕਾਰਨ ਉਹ ਤਣਾਅ ਦੇ ਸ਼ਿਕਾਰ ਹਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਵੈਇੱਛਤ ਰਿਟਾਇਰਮੈਂਟ ਲੈ ਚੁੱਕੇ ਹਨ ਅਤੇ ਕਈ ਮੁਲਾਜ਼ਮ ਰਿਟਾਇਰਮੈਂਟ ਲੈਣ ਦੀ ਤਿਆਰੀ ’ਚ ਹਨ ਪ੍ਰੰਤੂ ਮੈਨੇਜਮੈਂਟ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਬੋਲਦਿਆਂ ਡਾ. ਸਤਬੀਰ ਬੇਦੀ ਨੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਸਿਹਤ ਅਤੇ ਮਨੋਬਲ ਲਈ ਬਹੁਤ ਫਾਇਦੇਮੰਦ ਹੈ ਅਤੇ ਇਸ ਨੂੰ ਰੋਜ਼ਾਨਾ ਆਪਣੇ ਜੀਵਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਵਾਈਸ ਚੇਅਰਮੈਨ ਪ੍ਰਿੰਸੀਪਲ ਪੇ੍ਰਮ ਕੁਮਾਰ ਨੇ ਵੀ ਯੋਗ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਮੁਲਾਜ਼ਮਾਂ ਨੂੰ ਤਣਾਅਮੁਕਤ ਰਹਿਣ ਲਈ ਯੋਗ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ। ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨੇ ਵੀ ਇਨਸਾਨੀ ਜੀਵਨ ਵਿੱਚ ਯੋਗ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਯੋਗ ਮਾਹਰ ਸ੍ਰੀਮਤੀ ਮੀਨਲ ਡੋਗਰ, ਡਾ. ਸੰਤੋਸ਼ ਪਾਂਡੇ, ਨਿਖਿਲ ਜਸੂਜਾ, ਪ੍ਰੋ. ਬੀਪੀ ਭਾਰਦਵਾਜ, ਡਾ. ਅਨੀਸ਼ ਗਰਗ, ਸ੍ਰੀਮਤੀ ਮਨੀਸ਼ਾ ਸ਼ਰਮਾ, ਨਵੀਨ ਕੁਮਾਰ, ਡਾ. ਸਵਿਤਾ ਕਾਂਸਲ, ਡਾ. ਸੱਤਿਆਪ੍ਰਕਾਸ਼ ਪਾਠਕ ਤੋਂ ਇਲਾਵਾ ਹੋਰ ਅਧਿਕਾਰੀਆਂ ਅਤੇ ਕਰਮਚਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…