ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀਏਪੀ ਖਾਦ ਤੋਂ ਕਿਸਾਨ ਅੌਖੇ, ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ

ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ:
ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਨੇ ਸਹਿਕਾਰੀ ਸਭਾਵਾਂ ਵਿੱਚ ਕਥਿਤ ਨਕਲੀ ਡੀਏਪੀ ਖਾਦ ਭੇਜਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਜਥੇਬੰਦੀ ਦੇ ਸੂਬਾਈ ਆਗੂ ਮੇਹਰ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ, ਜੋਗਾ ਸਿੰਘ, ਬਹਾਦਰ ਸਿੰਘ ਨਿਆਮੀਆਂ, ਕੁਲਦੀਪ ਸਿੰਘ ਬਦਨਪੁਰ ਅਤੇ ਭਰਪੂਰ ਸਿੰਘ ਘੜੂੰਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀਏਪੀ ਖਾਦ ਆ ਰਹੀ ਹੈ ਅਤੇ ਅਜਿਹਾ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਾਰੇ ਪਾਸਿਓਂ ਮਾਰ ਸਹਿਣੀ ਪੈ ਰਹੀ ਹੈ। ਇੱਕ ਪਾਸੇ ਕਿਸਾਨ ਕੁਦਰਤ ਦੀ ਪ੍ਰਕੋਪ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਸਹਿਕਾਰੀ ਅਦਾਰਿਆਂ ਵਿੱਚ ਕਥਿਤ ਘਪਲੇਬਾਜ਼ੀਆਂ ਨੇ ਕਿਸਾਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਵੱਲੋਂ ਕਿਸਾਨਾਂ ਦੇ ਕਰੋੜਾਂ ਰੁਪਏ ਹੜਪ ਲਏ ਗਏ ਸਨ ਅਤੇ ਹੁਣ ਮੁਹਾਲੀ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀਏਪੀ ਖਾਦ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਖਾਦ ਦੇ ਸੈਂਪਲ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਏ ਗਏ ਤਾਂ ਸਾਰੇ ਸੈਂਪਲ ਫੇਲ੍ਹ ਹੋ ਗਏ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ ਆਪਣੀ ਕਰਜ਼ਾ ਲਿਮਟ ’ਤੇ ਡੀਏਪੀ ਖਾਦ ਚੁੱਕੀ ਗਈ ਹੈ ਅਤੇ ਖੇਤਾਂ ਵਿੱਚ ਵਰਤ ਲਈ ਗਈ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕੁਆਲਿਟੀ ਮਾੜੀ ਹੋਣ ਕਰਕੇ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਵੇਗਾ। ਜਿਸ ਦਾ ਖ਼ਮਿਆਜ਼ਾ ਵੀ ਕਿਸਾਨਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਪਲੇਬਾਜ਼ੀ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿਹੜੀ ਕੰਪਨੀ ਨੇ ਸਹਿਕਾਰੀ ਸੁਸਾਇਟੀਆਂ ਅਤੇ ਗੁਦਾਮਾਂ ਵਿੱਚ ਖਾਦ ਪਹੁੰਚਾਈ ਗਈ ਹੈ, ਉਸ ਕੰਪਨੀ ਨੂੰ ਬਲੈਕ ਲਿਸਟ ਕੀਤਾ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…