ਸ਼ਹਿਰ ਦੀ ਸਫ਼ਾਈ ਵਿਵਸਥਾ ਬਦਤਰ, ਡਿਪਟੀ ਮੇਅਰ ਕੁਲਜੀਤ ਬੇਦੀ ਨੇ ਚੁੱਕੇ ਸਵਾਲ, ਕਮਿਸ਼ਨਰ ਨੂੰ ਲਿਖਿਆ ਪੱਤਰ

ਮੁੱਖ ਸੜਕਾਂ ਦੀ ਮੈਨੂਅਲ ਅਤੇ ਮਸ਼ੀਨੀ ਸਫ਼ਾਈ ਫੌਰੀ ਸ਼ੁਰੂ ਕਰਵਾਉਣ ਦੀ ਕੀਤੀ ਮੰਗ, ਠੇਕੇਦਾਰ ਵਿਰੁੱਧ ਕਾਰਵਾਈ ਮੰਗੀ

ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਗੰਦਗੀ ਫੈਲੀ ਅਤੇ ਸੜਕ ’ਚ ਪਏ ਖੱਡੇ ਦੇ ਰਹੇ ਹਾਦਸਿਆਂ ਨੂੰ ਸੱਦਾ

ਨਬਜ਼-ਏ-ਪੰਜਾਬ, ਮੁਹਾਲੀ, 10 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਫ਼ਾਈ ਵਿਵਸਥਾ ਬਦਤਰ ਹੋਣ ਕਾਰਨ ਆਈਟੀ ਸਿਟੀ ਨੂੰ ਗੰਦਗੀ ਦਾ ਗ੍ਰਹਿਣ ਲੱਗ ਗਿਆ ਹੈ। ਸ਼ਹਿਰ ਵਿੱਚ ਕਾਫ਼ੀ ਥਾਵਾਂ ’ਤੇ ਗੰਦਗੀ ਪਸਰੀ ਹੋਈ ਹੈ। ਇੱਥੋਂ ਤੱਕ ਕਿ ਕੂੜੇਦਾਨ ਦੇ ਬਾਹਰ ਵੀ ਦੂਰ-ਦੂਰ ਤੱਕ ਕੂੜਾ-ਕਰਕਟ ਖਿੱਲਰਿਆ ਰਹਿੰਦਾ ਹੈ। ਕਈ ਮਾਰਕੀਟਾਂ ਦਾ ਵੀ ਅਜਿਹਾ ਹਾਲ ਹੈ ਅਤੇ ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਫੈਲੀ ਗੰਦਗੀ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਅਤੇ ਸੜਕ ਵਿੱਚ ਪਏ ਖੱਡਿਆਂ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਸ਼ੁਰੂ ਨਾ ਕਰਨ ਕਾਰਨ ਗਲੋਬਲ ਵੇਸਟ ਮੈਨੇਜਮੈਂਟ ਕੰਪਨੀ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਨਾਲ ਡਿਪਟੀ ਮੇਅਰ ਨੇ ‘ਏ’ ਅਤੇ ‘ਬੀ’ ਸੜਕਾਂ ਦੀ ਮੈਨੂਅਲ ਸਫ਼ਾਈ ਨਾ ਹੋਣ ਅਤੇ ਲੇਬਰ ਦੀ ਘਾਟ ਕਾਰਨ ਸਬੰਧਤ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਾਬਕਾ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਨਗਰ ਨਿਗਮ ਅਤੇ ਗਮਾਡਾ ਸ਼ਹਿਰ ਦੇ ਵਿਕਾਸ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਾਰਨ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸੜਕ ’ਤੇ ਪਏ ਖੱਡਿਆਂ ਵਿੱਚ ਹਮੇਸ਼ਾ ਗੰਦਾ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਇੱਥੇ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ ਅਤੇ ਸੜਕ ਵਿੱਚ ਖੱਡਿਆਂ ਕਾਰਨ ਰਾਹਗੀਰ ਕਾਫ਼ੀ ਅੌਖੇ ਹਨ। ਮਾਰਕੀਟ ਦੇ ਨਾਲ ਹੀ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਅਤੇ ਮੰਦਰ ਬਣਿਆ ਹੈ। ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ‘ਏ’ ਅਤੇ ‘ਬੀ’ ਸੜਕਾਂ ਉੱਤੇ ਕੂੜੇ ਦੇ ਢੇਰ ਲੱਗੇ ਹਨ। ਟੈਂਡਰ ਅਨੁਸਾਰ ਠੇਕੇਦਾਰ ਵੱਲੋਂ ਲੇਬਰ ਮੁਹੱਈਆ ਨਹੀਂ ਕਰਵਾਈ ਜਾ ਰਹੀ। ਨਿਗਮ ਕੋਲ ਪਹਿਲਾਂ ਹੀ ਲੇਬਰ ਦੀ ਘਾਟ ਹੈ ਅਤੇ ਕਰਮਚਾਰੀ ਯੂਨੀਅਨ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਕਰਨ ਤੋਂ ਇਨਕਾਰੀ ਹੈ। ਜਿਸ ਕਾਰਨ ਸਫ਼ਾਈ ਵਿਵਸਥਾ ਬਦਤਰ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਬਦਲਵੇਂ ਪ੍ਰਬੰਧ ਕੀਤੇ ਜਾਣ ਕਿਉਂਕਿ ਬਰਸਾਤ ਦਾ ਮੌਸਮ ਸਿਰ ’ਤੇ ਅਜਿਹੇ ਵਿੱਚ ਸਾਰੀਆਂ ਰੋਡ ਗਲੀਆਂ ਬੰਦ ਹੋਣ ਜਾਣਗੀਆਂ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ 27 ਫਰਵਰੀ 2024 ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਕੈਨੀਕਲ ਸਵੀਪਿੰਗ ਦਾ ਠੇਕਾ ਦਿੱਤਾ ਗਿਆ ਸੀ ਅਤੇ ਸਬੰਧਤ ਠੇਕੇਦਾਰ ਵੱਲੋਂ 90 ਦਿਨਾਂ ਵਿੱਚ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਹਾਲੇ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਹੋਣ ਦੀ ਕੋਈ ਉਮੀਦ ਨਹੀਂ ਦਿੱਖ ਰਹੀ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਨੋਟਿਸ ਜਾਰੀ ਕਰਕੇ ਜਵਾਬਤਲਬੀ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…