ਪਿੰਡ ਚਿੱਲਾ ਵਿੱਚ ਪਿਊ-ਪੁੱਤ ਉੱਤੇ ਗੱਡੀ ਚੜ੍ਹਾਈ, ਦੋਵੇਂ ਜ਼ਖ਼ਮੀ

ਜ਼ਖ਼ਮੀ ਪਿਊ-ਪੁੱਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ, ਪੁਲੀਸ ’ਤੇ ਪੱਖਪਾਤ ਦਾ ਦੋਸ਼

ਪੀੜਤਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਦੀ ਸ਼ਹਿ ’ਤੇ ਹਮਲਾ ਕਰਨ ਦਾ ਲਾਇਆ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 9 ਜੂਨ:
ਪਿੰਡ ਚਿੱਲਾ ਦੇ ਇੱਕ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਅਤੇ ਭਰਾ ਦੇ ਉੱਤੇ ਗੱਡੀ ਚੜ੍ਹਾ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਊ-ਪੁੱਤਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਚਿੱਲਾ ਵਾਸੀ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਲਵਪ੍ਰੀਤ ਸਿੰਘ ਉਸਦੇ ਕਹਿਣ ਤੋਂ ਬਾਹਰ ਹੈ ਅਤੇ 2018 ਤੋਂ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ ਕਿਉਂਕਿ ਉਹ ਕਥਿਤ ਤੌਰ ’ਤੇ ਨਸ਼ੇ ਪੱਤੇ ਕਰਨ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਬੀਤੀ 31 ਮਈ ਨੂੰ ਵੀ ਲਵਪ੍ਰੀਤ ਸਿੰਘ ਨੇ ਉਸ ਉੱਤੇ ਕੁਹਾੜੀ ਨਾਲ ਹਮਲਾ ਕੀਤਾ ਸੀ। ਜਿਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀ ਉਸ ਨੂੰ ਹੀ ਗਲਤ ਦੱਸਣ ਲੱਗ ਪਏ।
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਸਿੰਘ ਸਾਬਕਾ ਸਰਪੰਚ ਮੌਲੀ ਬੈਦਵਾਨ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਪਿਊ-ਪੁੱਤਾਂ ਦਾ ਕੋਈ ਨੁਕਸਾਨ ਹੋਇਆ ਤਾਂ ਆਪ ਆਗੂ ਜ਼ਿੰਮੇਵਾਰ ਹੋਵੇਗਾ।
ਨਾਜਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪੁੱਤ ਗੁਰਸਿਮਰਨ ਸਿੰਘ ਨਾਲ ਘਰ ਤੋਂ ਖੇਤਾਂ ਵਿੱਚ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਦੂਜੇ ਬੇਟੇ ਲਵਪ੍ਰੀਤ ਸਿੰਘ ਨੇ ਗੁਰ ਸਿਮਰਨ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹ ਦੋਵੇਂ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਉਹ ਦੋਵੇਂ ਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ ਪਰ ਪੁਲੀਸ ਨੇ ਹਾਲੇ ਤੱਕ ਉਨ੍ਹਾਂ ਦੇ ਬਿਆਨ ਤੱਕ ਨਹੀਂ ਲਏ। ਨਾਜ਼ਰ ਸਿੰਘ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਨਸੇੜੀ ਪੁੱਤ ਲਵਪ੍ਰੀਤ ਸਿੰਘ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ‘ਆਪ’ ਆਗੂ ਅਵਤਾਰ ਸਿੰਘ ਮੌਲੀ ਬੈਦਵਾਨ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਝੂਠ ਮਨਘੜਤ ਦੱਸਦਿਆਂ ਕਿਹਾ ਕਿ ਇਹ ਸਾਰਾ ਕੁੱਝ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਨਾਜ਼ਰ ਸਿੰਘ ਹੁਰਾਂ ਦਾ ਇਹ ਪਰਿਵਾਰਕ ਮਸਲਾ ਹੈ। ਉਸ ਨੇ ਕਦੇ ਵੀ ਨਾ ਨਾਜ਼ਰ ਸਿੰਘ ਅਤੇ ਨਾ ਹੀ ਉਸ ਦੇ ਮੁੰਡੇ ਦੀ ਮਦਦ ਕੀਤੀ ਹੈ, ਸਗੋਂ ਹਮੇਸ਼ਾ ਦੋਵਾਂ ਧਿਰਾਂ ਨੂੰ ਇਹ ਗੱਲ ਸਮਝਾਈ ਗਈ ਹੈ ਕਿ ਉਹ ਆਪਸ ਵਿੱਚ ਬੈਠ ਕੇ ਆਪਣੇ ਪਰਿਵਾਰਕ ਮਸਲੇ ਦਾ ਹੱਲ ਕਰਨ ਨੂੰ ਤਰਜ਼ੀਹ ਦੇਣ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…