ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੀ ਸਾਂਝੀ ਚੇਤਨਾ ਕਨਵੈਨਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 24 ਮਈ:
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜਲੰਧਰ ਵਿਖੇ ਕੀਤੇ ਗਏ ਫ਼ੈਸਲੇ ਅਨੁਸਾਰ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਜ਼ਿਲ੍ਹਾ ਮੁਹਾਲੀ ਅਤੇ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਅੱਜ ਇੱਥੇ ਡਾ. ਅੰਬੇਡਕਰ ਵੈਲਫੇਅਰ ਮਿਸ਼ਨ ਭਵਨ ਸੈਕਟਰ-69 ਵਿਖੇ ਚੇਤਨਾ ਕਨਵੈਨਸ਼ਨ ਕੀਤੀ ਗਈ। ਡਾ. ਐਨ.ਕੇ. ਕਲਸੀ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ, ਡਾ. ਹਜ਼ਾਰਾ ਸਿੰਘ ਚੀਮਾ ਸੰਪਾਦਕ ਮੁਲਾਜ਼ਮ ਲਹਿਰ, ਪੰਜਾਬ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਬਾਜ ਸਿੰਘ ਖਹਿਰਾ ਅਤੇ ਰਾਮ ਕ੍ਰਿਸ਼ਨ ਧੁਨਕੀਆ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦਾ ਨੇਤਾ ਹੁੰਦਿਆਂ ਪੈਨਸ਼ਨਰਾਂ ਨੂੰ 2.59 ਗੁਣਾਂਕ ਨਾਲ ਪੈਨਸ਼ਨਾਂ ਫਿਕਸ ਕਰਨ ਬਾਰੇ ਤਤਕਾਲੀਨ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਬਣਿਆ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਗੁਣਾਂਕ ਨਾਲ ਅਜੇ ਤੱਕ ਸੋਧਣ ਬਾਰੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਮਿਤੀ 1-1-2016 ਤੋਂ 30-6-2021 ਤੱਕ ਦਾ ਸਾਢੇ ਪੰਜ ਸਾਲ ਦਾ ਬਕਾਇਆ ਦੇਣ ਅਤੇ 1-1-2016 ਤੋਂ 30 ਮਈ, 2024 ਤੱਕ 227 ਮਹੀਨਿਆਂ ਦੇ ਪੈਂਡਿੰਗ ਡੀਏ ਦਾ ਬਕਾਇਆ ਦੇਣ ਬਾਰੇ ਹੁਕਮਰਾਨ ਸਰਕਾਰ ਵੱਲੋੱ ਨਾ ਹੀ ਮੀਟਿੰਗਾਂ ਵਿੱਚ ਅਤੇ ਨਾ ਹੀ ਆਪਣੀਆਂ ਚੋਣ ਰੈਲੀਆਂ ਵਿੱਚ ਕੋਈ ਸੰਕੇਤ ਦਿੱਤਾ ਗਿਆ ਹੈ। ਜਰਨੈਲ ਸਿੰਘ ਸਿੱਧੂ, ਮੂਲਰਾਜ ਸ਼ਰਮਾ, ਸੁੱਚਾ ਸਿੰਘ ਕਲੌੜ, ਕ੍ਰਿਸ਼ਨ ਚੰਦ ਮੁਲਾਂਪੁਰ, ਅਵਤਾਰ ਸਿੰਘ ਪ੍ਰਧਾਨ ਨਗਰ ਨਿਗਮ ਮੁਹਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹੋਰ ਸਾਰੀਆਂ ਰਾਜ ਸਰਕਾਰਾਂ ਵੱਲੋਂ 50 ਪ੍ਰਤੀਸ਼ਤ ਦੀ ਦਰ ਨਾਲ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ, ਪਰ ਖੁਸ਼ਹਾਲ ਕਹੀ ਜਾਣ ਵਾਲੀ ਪੰਜਾਬ ਸਟੇਟ ਵੱਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਵਲ 38 ਪ੍ਰਤੀਸ਼ਤ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਬੇਹੰਦ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ, ਕਿਉੱਕਿ ਇਸ ਬਕਾਏ ਦੇ ਆਸ ਵਿੱਚ 1-1-2016 ਤੋਂ ਬਾਅਦ 35000 ਪੈਨਸ਼ਨਰ ਸਵਰਗ ਸਿਧਾਰ ਚੁੱਕੇ ਹਨ।
ਸ਼ਿਆਮ ਲਾਲ ਸ਼ਰਮਾ, ਪ੍ਰਧਾਨ ਰਿਟਾਇਰਡ ਸਕੱਤਰੇਤ ਆਫੀਸਰਜ ਐਸੋਸੀਏਸ਼ਨ, ਕਰਤਾਰ ਸਿੰਘ ਪਾਲ ਪ੍ਰਧਾਨ ਪੰਜਾਬ-ਯੂਟੀ ਜੁਆਇੰਟ ਐਕਸ਼ਨ ਕਮੇਟੀ ਅਤੇ ਵਧੀਕ ਜਨਰਲ ਸਕੱਤਰ ਪੀਐਸਐਸਐਫ 1680/22ਬੀ ਵੱਲੋਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਕਿ ਪੁਰਾਣੀ ਪੈਨਸ਼ਨ ਕਈ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਚੁੱਕੀ ਹੈ, ਪਰ ਪੰਜਾਬ ਸਰਕਾਰ ਵੱਲੋੱ ਨੋਟੀਫੀਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਲਾਗੂ ਨਹੀੱ ਕੀਤੀ ਗਈ ਹੈ ਅਤੇ ਲਾਰੇ-ਲੱਪਿਆਂ ਵਿੱਚ ਸਮਾਂ ਬਤੀਤ ਕੀਤਾ ਜਾ ਰਿਹਾ ਹੈ। ਵਿਜੈ ਕੁਮਾਰ ਪ੍ਰਧਾਨ ਪਾਵਰਕੌਮ ਪੈਨਸ਼ਨਰ ਯੂਨੀਅਨ, ਭੁਪਿੰਦਰ ਸਿੰਘ ਪ੍ਰਧਾਨ ਸੀਟੀਯੂ ਰਿਟਾਇਰਡ ਵਰਕਰ ਯੂਨੀਅਨ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵੇਰਵਾ ਦਿੰਦੇ ਹੋਏ ਕਿਹਾ ਕਿ ਆਊਟਸੋਰਸ ਕੰਟਰੈਕਟ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਹੈ। ਖਾਲੀ ਆਸਾਮੀਆਂ ਨੂੰ ਭਰਨ ਲਈ ਸਰਕਾਰ ਸੁਹਿਰਦ ਨਹੀਂ ਹੈ।
ਪੈਨਸ਼ਨਰਾਂ ਵਿੱਚ ਇਹ ਖਾਸ ਰੋਸ ਪਾਇਆ ਜਾ ਰਿਹਾ ਹੈ ਕਿ ਕੈਸ਼-ਲੈਸ ਹੈਲਥ ਸਕੀਮ ਲਾਗੂ ਨਾ ਕਰਕੇ ਪੈਨਸ਼ਨਰਾਂ ਨੂੰ ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਲਈ ਧੱਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਸਮੇਂ ਜਸਪਾਲ ਕਪਿਲ, ਓਮ ਪ੍ਰਕਾਸ਼ ਸਾਬਕਾ ਚੇਅਰਮੈਨ ਡੀਸੀ ਆਫਿਸ ਇਮਪਲਾਈਜ ਯੁਨੀਅਨ, ਵਿੱਤੀ ਕਮਿਸ਼ਨਰਜ ਸਕੱਤਰੇਤ ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਕਿਹਾ ਕਿ ਸਮੂਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋੱ 2022 ਵਿੱਚ ’’ਆਪ ਦੀ ਸਰਕਾਰ’’ ਬਣਾਉਣ ਵਿੱਚ ਪੂਰਾ ਯੋਗਦਾਨ ਪਾਇਆ ਸੀ, ਪਰ ਮੌਜੂਦਾ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਾ ਹੋਣ ਕਾਰਣ ਅਕ੍ਰਿਤਗਣ ਸਾਬਤ ਹੋਈ ਹੈ। ਉਹਨਾਂ ਵੱਲੋੱ ਇਹ ਵੀ ਮੰਗ ਕੀਤੀ ਗਈ ਕਿ ਆਈਏਐਸ/ਆਈਪੀਐਸ/ਆਈਐਫਐਸ ਦੀਆਂ ਪੋਸਟਾਂ ਦੀ ਰਿਸਟਰਚਿੰਗ ਕਰਕੇ ਸਰਕਾਰ ਦੇ ਖਜ਼ਾਨੇ ਤੇ ਪਏ ਵਾਧੂ ਬੋਝ ਨੂੰ ਘਟਾਇਆ ਜਾਵੇ।
ਸਰਬਜੀਤ ਸਿੰਘ ਪੰਧੇਰ, ਪ੍ਰ੍ਰੇਮ ਚੰਦ ਸ਼ਰਮਾ, ਰਵਿੰਦਰ ਕੌਰ ਗਿੱਲ ਨੇ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਨਿਰਾਸਾ ਪਾਈ ਜਾ ਰਹੀ ਹੈ। ਅੰਤ ਵਿੱਚ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋੱ ਇਹ ਮਤਾ ਪਾਸ ਕੀਤਾ ਗਿਆ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਸੰਵਿਧਾਨਿਕ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਖਿਆ ਜਾਵੇਗਾ ਅਤੇ ਹੁਕਮਰਾਨ ਪਾਰਟੀ ਨੂੰ ਆਉਣ ਵਾਲੇ ਸਮੇੱ ਵਿੱਚ ਇਸ ਦਾ ਖਮਿਆਜਾ ਭੁਗਤਨਾ ਪਵੇਗਾ।
ਇਸ ਮੌਕੇ ਪਾਵਰਕਾਮ ਦੇ ਸਾਥੀ ਅਸ਼ੋਕ ਕੁਮਾਰ, ਦਸ਼ਨ ਕੁਮਾਰ ਭਗਤ, ਰਮੇਸ਼ ਚੰਦ, ਸੁਰਿੰਦਰ ਸਿੰਘ ਮੱਲੀ, ਡੀਸੀ ਆਫਿਸ ਮੋਹਾਲੀ ਯੁਨੀਅਨ ਦੇ ਸਾਬਕਾ ਪ੍ਰਧਾਨ ਬਲਬੀਰ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ ਸੇਠੀ ਪ੍ਰਧਾਨ ਮਹਾਂਸੰਘ ਖਰੜ, ਸੁਖਦੀਪ ਸਿੰਘ ਪ੍ਰਧਾਨ ਪੈਨਸ਼ਨਰਜ ਯੂਨੀਅਨ ਖਰੜ, ਭੁਪਿੰਦਰ ਸਿੰਘ ਬੱਲ, ਰਣਜੋਧ ਸਿੰਘ, ਅਤੇ ਰਜਿੰਦਰ ਕੌਰ ਅਤੇ ਹੋਰ ਕਈ ਪੈਨਸ਼ਨਰ ਆਗੂ ਹਾਜਰ ਸਨ। ਅੰਤ ਵਿੱਚ ਮੂਲਰਾਜ ਸ਼ਰਮਾ ਚੇਅਰਮੈਨ ਨੇ ਸਮੂਹ ਮੁਲਾਜਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਗੁਰਬਖ਼ਸ਼ ਸਿੰਘ ਨੇ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…