Share on Facebook Share on Twitter Share on Google+ Share on Pinterest Share on Linkedin ਵਿਦੇਸ਼ ਆਧਾਰਿਤ ਅੱਤਵਾਦੀ ਲਖਬੀਰ ਲੰਡਾ ਤੇ ਜੱਸਲ ਦਾ ਸਾਥੀ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਅੱਤਵਾਦੀ ਮਡਿਊਲ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਵੀ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ ਨਬਜ਼-ਏ-ਪੰਜਾਬ, ਮੁਹਾਲੀ, 16 ਮਈ: ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਟਰ ’ਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਵਿਦੇਸ਼ ਆਧਾਰਿਤ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਅਤੇ ਜੱਸਲ ਦੇ ਸਾਥੀ ਸ਼ਰਨਜੀਤ ਸਿੰਘ ਉਰਫ਼ ਸੰਨੀ ਵਾਸੀ ਪਿੰਡ ਬਹਿਲਾ (ਤਰਨਤਾਰਨ) ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਜ ਹੀ ਥਾਣਾ ਫੇਜ਼-11 ਏਰੀਆ ’ਚੋਂ ਇੱਕ ਹੋਰ ਨੌਜਵਾਨ ਸੁਖਵਿੰਦਰ ਸਿੰਘ ਉਰਫ਼ ਸੁੱਖ ਉੱਪਲ ਵਾਸੀ ਪਿੰਡ ਲਹਿਰਕਾ, ਥਾਣਾ ਕੱਥੂ ਨੰਗਲ (ਅੰਮ੍ਰਿਤਸਰ) ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਉਸ ਦੇ ਅੱਤਵਾਦੀ ਮਡਿਊਲ ਨਾਲ ਸਬੰਧ ਦੱਸੇ ਜਾ ਰਹੇ ਹਨ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਉਕਤ ਦੋਵੇਂ ਮਾਮਲਿਆਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਪੀ (ਡੀ) ਡਾ. ਜਯੋਤੀ ਯਾਦਵ, ਸਪੈਸ਼ਲ ਸੈੱਲ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਤੀ 21 ਅਪਰੈਲ ਨੂੰ ‘ਏ’ ਕੈਟਾਗਰੀ ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ ਅਤੇ ਗਮਦੂਰ ਸਿੰਘ ਵਾਸੀਆਨ ਅੰਮ੍ਰਿਤਸਰ ਨੂੰ ਮੱਧ ਪ੍ਰਦੇਸ਼ ਤੋਂ ਆਉਂਦੇ ਸਮੇਂ ਮੁਹਾਲੀ ਵਿੱਚ 6 ਪਿਸਤੌਲ, 12 ਮੈਗਜ਼ੀਨ, 10 ਰੋਂਦ ਅਤੇ ਇੱਕ ਬਰਿਜਾ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਅਜੈਪਾਲ ਸਿੰਘ ਵਾਸੀ ਪਿੰਡ ਬਹਿਲਾ (ਤਰਨਤਾਰਨ) ਨੂੰ ਕਾਬੂ ਕਰਕੇ ਉਸ ਕੋਲੋਂ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਐੱਸਐੱਸਪੀ ਨੇ ਦੱਸਿਆ ਕਿ ਅਜੈਪਾਲ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਹ ਮੱਧ ਪ੍ਰਦੇਸ਼ ’ਚੋਂ ਨਾਜਾਇਜ਼ ਅਸਲਾ ਅਤੇ ਗੋਲੀ ਸਿੱਕਾ ਲਿਆ ਕੇ ਮਾਂਝਾ ਖੇਤਰ ਵਿੱਚ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕਰਦਾ ਸੀ। ਮੁਹਾਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਲਖਬੀਰ ਲੰਡਾ ਗੈਂਗ ਨੂੰ ਅਸਲਾ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਸ਼ਰਨਜੀਤ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 6 ਪਿਸਤੌਲ, 20 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਲੰਡਾ ਗੈਂਗ ਮਾਂਝਾ ਏਰੀਆ ਵਿੱਚ ਸਰਗਰਮ ਸੀ ਅਤੇ ਉਸਦੇ ਕਹਿਣ ’ਤੇ ਮੁਲਜ਼ਮ ਫਿਰੌਤੀ, ਕਤਲ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਧਰ, ਇੱਕ ਹੋਰ ਵੱਖਰੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ, ਹੈਪੀ ਪਾਛੀਆ ਅਤੇ ਨਿਸ਼ਾਨ ਸਿੰਘ ਦੇ ਅੱਤਵਾਦੀ ਮਡਿਊਲ ਵਿੱਚ ਲੋੜੀਂਦੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖ ਉੱਪਲ ਵਾਸੀ ਪਿੰਡ ਲਹਿਰਕਾ, ਥਾਣਾ ਕੱਥੂ ਨੰਗਲ (ਅੰਮ੍ਰਿਤਸਰ) ਨੂੰ ਮੁਹਾਲੀ ਦੇ ਥਾਣਾ ਫੇਜ਼-11 ਏਰੀਆ ’ਚੋਂ ਇੱਕ ਪਿਸਤੌਲ, 2 ਜਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਵਿੰਦਰ ਖ਼ਿਲਾਫ਼ ਪਹਿਲਾਂ ਵੀ ਥਾਣਾ ਕਿਲਾ ਲਾਲ ਸਿੰਘ, ਜ਼ਿਲ੍ਹਾ ਗੁਰਦਾਸਪੁਰ ਵਿੱਚ ਕਤਲ ਦਾ ਪਰਚਾ ਦਰਜ ਹੈ, ਜਿਸ ਵਿੱਚ ਉਹ ਭਗੌੜਾ ਹੈ ਅਤੇ ਬਲੌਂਗੀ ਪੁਲੀਸ ਨੂੰ ਵੀ ਲੋੜੀਂਦਾ ਸੀ। ਉਹ ਆਪਣੇ ਸਾਥੀ ਕਰਨਬੀਰ ਸਿੰਘ ਉਰਫ਼ ਰਾਜਾ ਜੋ ਗ੍ਰਿਫ਼ਤਾਰ ਹੋ ਚੁੱਕਾ ਹੈ ਨਾਲ ਮਿਲ ਕੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਛੀਆ ਨਾਲ ਤਾਲਮੇਲ ਕਰਕੇ ਸਰਹੱਦੋ ਪਾਰ ਡਰੋਨ ਰਾਹੀਂ ਵਿਦੇਸ਼ੀ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਦੀ ਸਪਲਾਈ ਦੱਸੀ ਹੋਈ ਲੋਕੇਸ਼ਨ ’ਤੇ ਮੰਗਵਾ ਕੇ ਅੱਗੇ ਵੱਖ-ਵੱਖ ਗੈਂਗ ਮੈਂਬਰਾਂ ਨੂੰ ਸਪਲਾਈ ਕਰਦੇ ਸਨ। ਉਕਤ ਵਿਅਕਤੀ ਪੰਜਾਬ ਦੀ ਅਮਨ ਸ਼ਾਂਤੀ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ