ਮੁਹਾਲੀ ਤੇ ਆਸਪਾਸ ਪਿੰਡਾਂ ਵਿੱਚ ਸ਼ਰਧਾ ਨਾਲ ਮਨਾਇਆ ਈਦ ਉਲ ਫਿਤਰ ਦਾ ਤਿਉਹਾਰ

ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸਪਾਸ ਪਿੰਡਾਂ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਨਮਾਜ਼ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਮਸਜਿਦਾਂ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ
ਮੁਸਲਿਮ ਭਾਈਚਾਰੇ ਦੇ ਆਗੂ ਅਤੇ ਸਰਵਰ ਮੁਸਲਿਮ ਵੈੱਲਫੇਅਰ ਸੁਸਾਇਟੀ ਮਟੌਰ ਦੇ ਸਾਬਕਾ ਪ੍ਰਧਾਨ ਸੌਦਾਗਰ ਖਾਨ ਨੇ ਦੱਸਿਆ ਕਿ ਰਮਜਾਨ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਮੁਕੰਮਲ ਹੋਣ ਤੋਂ ਬਾਅਦ ਆਏ ਈਦ ਦੇ ਪਵਿੱਤਰ ਦਿਹਾੜੇ ’ਤੇ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਇੱਕ ਦੂਜੇ ਦੇ ਗਲੇ ਮਿਲ ਕੇ ਵਧਾਈਆਂ ਦਿੱਤੀਆਂ। ਇੰਜ ਹੀ ਨੇੜਲੇ ਕਸਬਾ ਬਲੌਂਗੀ, ਸ਼ਾਹੀਮਾਜਰਾ, ਮਟੌਰ, ਸੋਹਾਣਾ, ਕੁੰਭੜਾ, ਫੇਜ਼-11, ਕੰਬਾਲਾ, ਕੰਬਾਲੀ, ਰਾਏਪੁਰ ਕਲਾਂ, ਸਨੇਟਾ ਵਿਖੇ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ।
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਈਦ ਉਲ ਫਿਤਰ ਦੇ ਮੌਕੇ ’ਤੇ ਵੱਖ-ਵੱਖ ਮਸਜਿਦਾਂ ਬਲੌਂਗੀ, ਮਟੌਰ ਅਤੇ ਸ਼ਾਹੀਮਾਜਰਾ ਵਿਖੇ ਹਾਜ਼ਰੀ ਭਰੀ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਧਰਮ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਈਦ ਉਲ ਫਿਤਰ ਦਾ ਇਹ ਮਹਾਨ ਅਤੇ ਪਵਿੱਤਰ ਦਿਹਾੜਾ ਆਪਸੀ ਭਾਈਚਾਰੇ, ਆਪਸੀ ਸਦਭਾਵਨਾ ਅਤੇ ਅਮਨ ਸ਼ਾਂਤੀ ਦੇ ਪਸਾਰ ਨੂੰ ਮਜਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਈਦ ਉਲ ਫਿਤਰ ਦਾ ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖੀਰ ਹੋਣ ਦੇ ਨਾਲ ਨਾਲ ਆਪਸੀ ਭਾਈਚਾਰੇ, ਹਮਦਰਦੀ ਅਤੇ ਸਾਂਝ ਦਾ ਵੀ ਪ੍ਰਤੀਕ ਹੈ।

ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਈਦ ਦੇ ਤਿਉਹਾਰ ਮੌਕੇ ਪਿੰਡ ਮੱਛਲੀ ਕਲਾਂ ਦੀ ਮਸਜਿਦ ਵਿੱਚ ਹਾਜ਼ਰੀ ਭਰੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਈਦ ਦਾ ਪਾਵਨ ਦਿਹਾੜਾ ਸਾਨੂੰ ਆਪਸੀ ਪਿਆਰ, ਮੁਹੱਬਤ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਆਖਿਆ ਕਿ ਤਿਉਹਾਰ ਸਾਰਿਆਂ ਦੇ ਸਾਂਝੇ ਹਨ ਤੇ ਸਭ ਨੂੰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੱਛਲੀ ਕਲਾਂ ਦੇ ਸਰਪੰਚ ਬਲਰਾਮ ਸ਼ਰਮਾ, ਮਸਜਿਦ ਦੇ ਹਾਫਿਜ਼ ਮੁਹੰਮਦ ਸਲੀਮ, ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਅੱਲਾ ਰੱਖਾ, ਡਾ. ਕਮਰਾਨ ਖਾਨ, ਧਰਮਪਾਲ, ਵਕੀਲ ਖਾਨ, ਸੁਲਤਾਨ ਖਾਨ, ਸਫ਼ੀ ਮੁਹੰਮਦ, ਰਜ਼ਾਕ ਮੁਹੰਮਦ, ਕਰਮ ਇਲਾਹੀ, ਅਸੀਨ ਮੁਹੰਮਦ, ਕੈਸ ਖਾਨ, ਬਲਜੀਤ ਖਾਨ ਸਮੇਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…