ਦੀਵੇ ਥੱਲੇ ਹਨੇਰਾ: ਡੀਸੀ ਤੇ ਐਸਐਸਪੀ ਦਫ਼ਤਰ ਨੇੜਲੀ ਸੜਕ ’ਤੇ ਹਨੇਰਾ ਪਸਰਿਆ, ਸਟਰੀਟ ਲਾਈਟਾਂ ਬੰਦ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਲਖਨੌਰ ਟੀ-ਪੁਆਇੰਟ ’ਤੇ ਟਰੈਫ਼ਿਕ ਲਾਈਟਾਂ ਲਗਾਉਣ ਦੀ ਕੀਤੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 9 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦਫ਼ਤਰ ਦੇ ਬਿਲਕੁਲ ਪਿੱਛੇ ਹੀਰੋ ਹੋਮਸ ਤੋਂ ਲਖਨੌਰ ਪਹੁੰਚ ਸੜਕ ਉੱਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸ਼ਾਮ ਢਲਦੇ ਹੀ ਹਨੇਰਾ ਪਸਰ ਜਾਂਦਾ ਹੈ। ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਤੱਕ ਸੜਕ ਡਬਲ ਹੈ ਪ੍ਰੰਤੂ ਪੁਲ ਤੋਂ ਅੱਗੇ ਲਖਨੌਰ ਟੀ-ਪੁਆਇੰਟ ’ਤੇ ਸੜਕ ਸਿੰਗਲ ਹੋ ਜਾਂਦੀ ਹੈ। ਇੱਥੇ ਐਂਟਰੀ-ਪੁਆਇੰਟ ’ਤੇ ਟਰੈਫ਼ਿਕ ਲਾਈਟ ਨਾ ਹੋਣ ਕਾਰਨ ਅਕਸਰ ਜਾਮ ਲੱਗਿਆ ਰਹਿੰਦਾ ਹੈ ਅਤੇ ਹੁਣ ਤੱਕ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ।
ਅੱਜ ਇੱਥੇ ਮੀਡੀਆ ਵਿੱਚ ਇਹ ਮੁੱਦਾ ਚੁੱਕਦੇ ਹੋਏ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਥੇ ਦੀਵੇ ਥੱਲੇ ਹਨੇਰਾ ਕਹਾਵਤ ਬਿਲਕੁਲ ਢੁਕਦੀ ਹੈ। ਇਹ ਸੜਕ ਗਮਾਡਾ ਅਧੀਨ ਆਉਂਦੀ ਹੈ ਅਤੇ ਇਸ ਸੜਕ ’ਤੇ ਸਟਰੀਟ ਲਾਈਟ ਦੇ ਖੰਭੇ ਲੱਗੇ ਹੋਏ ਪ੍ਰੰਤੂ ਪ੍ਰਸ਼ਾਸਨ ਬਲਬ ਅਤੇ ਟਿਊਬ ਲਗਾਉਣੀ ਭੁੱਲ ਗਿਆ ਹੈ। ਅਣਦੇਖੀ ਦੇ ਚੱਲਦਿਆਂ ਕਈ ਖੰਭੇ ਤਾਂ ਟੁੱਟੇ ਗਏ ਹਨ। ਇਸ ਸੜਕ ’ਤੇ ਅਕਸਰ ਆਵਾਜਾਈ ਰਹਿੰਦੀ ਹੈ ਪ੍ਰੰਤੂ ਪੰਜ ਤੋਂ ਅੱਠ ਫੁੱਟ ਤੱਕ ਸੜਕ ਦੇ ਦੋਵੇਂ ਪਾਸੇ ਦਰਖ਼ਤਾਂ ਦੀਆਂ ਟਾਹਣੀਆਂ ਫੈਲ ਚੁੱਕੀਆਂ ਹਨ ਅਤੇ ਇੱਥੋਂ ਤੇਜ਼-ਗਤੀ ਨਾਲ ਟਰੈਫ਼ਿਕ ਲੰਘਦਾ ਹੈ ਅਤੇ ਹਰ ਸਮੇਂ ਸੜਕ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲਾ ਗਮਾਡਾ ਅਜਿਹੀਆਂ ਛੋਟੀਆਂ ਸਮੱਸਿਆ ਨੂੰ ਹੱਲ ਨਹੀਂ ਕਰ ਰਿਹਾ।
ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਅਦਾਲਤ ਕੰਪਲੈਕਸ ਤੋਂ ਥੋੜਾ ਅੱਗੇ ਲਖਨੌਰ ਦਾ ਮੋੜ ਤੇ ਤੰਗ ਪੁਲ ਹੈ। ਸਰਹਿੰਦ, ਰਾਜਪੁਰਾ ਅਤੇ ਲਾਂਡਰਾਂ ਤੋਂ ਮੁਹਾਲੀ ਤੇ ਚੰਡੀਗੜ੍ਹ ਜਾਣ ਵਾਲਾ ਸਾਰਾ ਟਰੈਫ਼ਿਕ ਇੱਥੋਂ ਹੀ ਲੰਘਦਾ ਹੈ। ਲਿਹਾਜ਼ਾ ਮੁੱਖ ਮੰਤਰੀ ਭਗਵੰਤ ਮਾਨ, ਜੋ ਗਮਾਡਾ ਦੇ ਵੀ ਚੇਅਰਮੈਨ ਹਨ, ਨੂੰ ਨਿੱਜੀ ਦਖ਼ਲ ਦੇ ਕੇ ਇਸ ਸਮੱਸਿਆ ਦਾ ਸਥਾਈ ਹੱਲ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਡੀਸੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਤੋਂ ਵੀ ਮੰਗ ਕੀਤੀ ਕਿ ਸੜਕ ’ਤੇ ਤੁਰੰਤ ਸਟਰੀਟ ਲਾਈਟਾਂ ਚਾਲੂ ਕੀਤੀਆਂ ਜਾਣ ਅਤੇ ਸੜਕ ’ਤੇ ਦੂਰ ਤੱਕ ਫੈਲੀਆਂ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਝਾੜੀਆਂ ਨੂੰ ਤੁਰੰਤ ਕੱਟਿਆਂ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…