ਲੋਕ ਸਭਾ ਚੋਣਾਂ-2024: ਭਾਜਪਾ ਦੀਆਂ ਤਿੰਨ ਬੀਬੀਆਂ ਨੇ ਵੀ ਦਾਅਵੇਦਾਰੀ ਕੀਤੀ ਪੇਸ਼

ਪੁਰਸ਼ ਉਮੀਦਵਾਰਾਂ ਵਿੱਚ ਲਾਲਪੁਰਾ, ਸੁਭਾਸ਼ ਸ਼ਰਮਾ ਤੇ ਗੋਲਡੀ ਦਾ ਨਾਂ ਸਭ ਤੋਂ ਉੱਪਰ

ਨਬਜ਼-ਏ-ਪੰਜਾਬ, ਮੁਹਾਲੀ, 5 ਅਪਰੈਲ:
ਪੰਜਾਬ ਵਿੱਚ ਭਾਵੇਂ ਲੋਕ ਸਭਾ ਚੋਣਾਂ ਅਖੀਰਲੇ ਪੜਾਅ ਵਿੱਚ 1 ਜੂਨ ਨੂੰ ਹੋਣਗੀਆਂ ਪਰ ਸੰਭਾਵੀ ਉਮੀਦਵਾਰਾਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਦੋਂਕਿ ਬਾਕੀ ਪਾਰਟੀਆਂ ਹਾਲੇ ਸੋਚ ਵਿਚਾਰ ਵਿੱਚ ਲੱਗੀਆਂ ਹੋਈਆਂ ਹਨ। ਭਾਜਪਾ ਦੀ ਉਮੀਦਵਾਰੀ ਲਈ ਇਸ ਹਲਕੇ ਤੋਂ ਤਿੰਨ ਬੀਬੀਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ, ਬੀਬੀ ਅਮਨਜੋਤ ਕੌਰ ਰਾਮੂਵਾਲੀਆ ਅਤੇ ਸੀਨੀਅਰ ਆਗੂ ਰਾਮਦੀਪ ਕੌਰ ਨੇ ਹਾਈ ਕਮਾਨ ਕੋਲ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਬੀਬੀ ਗਰਚਾ ਕਾਂਗਰਸ ਵਜ਼ਾਰਤ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਓਐਸਡੀ ਰਹਿ ਚੁੱਕੇ ਹਨ ਜਦੋਂਕਿ ਬੀਬੀ ਰਾਮੂਵਾਲੀਆ ਅਕਾਲੀ-ਭਾਜਪਾ ਸਰਕਾਰ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਹੈ। ਇਹ ਦੋਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਸਨ। ਉੱਘੇ ਕਾਰੋਬਾਰੀ ਬੀਬੀ ਰਮਨਦੀਪ ਕੌਰ ਕਾਫ਼ੀ ਸਮੇਂ ਤੋਂ ਆਰਐਸਐਸ ਅਤੇ ਭਾਜਪਾ ਨਾਲ ਜੁੜੇ ਹੋਏ ਹਨ। ਉਹ ਰਾਮ ਜੀ ਕੰਕਰੀਟ ਮਿਕਸਚਰ ਪਿੰਡ ਝੰਜੇੜੀ (ਮੁਹਾਲੀ) ਦੀ ਮਾਲਕਣ ਹੈ ਅਤੇ ਭਾਜਪਾ ਹਾਈ ਕਮਾਨ ਨਾਲ ਸਿੱਧਾ ਤਾਲਮੇਲ ਰੱਖਦੇ ਹਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲਾਂ ਇਹ ਰੂਪਨਗਰ ਹਲਕਾ ਹੁੰਦਾ ਸੀ ਅਤੇ ਇੱਥੋਂ ਪੰਥਕ ਆਗੂ ਮਰਹੂਮ ਬੀਬੀ ਬਿਮਲ ਕੌਰ ਖ਼ਾਲਸਾ ਅਤੇ ਅਕਾਲੀ ਆਗੂ ਸਤਵਿੰਦਰ ਕੌਰ ਧਾਲੀਵਾਲ ਵੀ ਲੋਕਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਕਾਂਗਰਸ ਆਗੂ ਸ੍ਰੀਮਤੀ ਅੰਬਿਕਾ ਸੋਨੀ ਵੀ ਚੋਣ ਲੜ ਚੁੱਕੇ ਹਨ ਪ੍ਰੰਤੂ ਉਹ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਚੋਣ ਹਾਰ ਗਏ ਸੀ।
ਉਧਰ, ਭਾਜਪਾ ਦੇ ਕਈ ਪੁਰਸ਼ ਆਗੂ ਵੀ ਟਿਕਟ ਲੈਣ ਲਈ ਹੱਥ ਪੈਰ ਮਾਰ ਰਹੇ ਹਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਸਮੇਤ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸੂਬਾ ਸਹਿ ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤੇ ਉੱਘੇ ਸਨਅਤਕਾਰ ਸੰਜੀਵ ਵਸ਼ਿਸ਼ਟ ਅਤੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਹਾਈ ਕਮਾਨ ਕੋਲ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਲੇਕਿਨ ਅਵਿਨਾਸ਼ ਖੰਨਾ ਨੂੰ ਬਾਹਰੀ ਸੂਬੇ ਤਿਰਪੁਰਾ ਦਾ ਚੋਣ ਇੰਚਾਰਜ ਲਗਾਉਣ ਕਾਰਨ ਉਹ ਇਸ ਦੌੜ ’ਚੋਂ ਬਾਹਰ ਹੋ ਗਏ ਹਨ। ਉਂਜ ਖਰੜ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਕਮਲਦੀਪ ਸਿੰਘ ਸੈਣੀ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਨਜ਼ਦੀਕੀ ਸਮਝੇ ਜਾਂਦੇ ਹਨ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਅਜੈਵੀਰ ਸਿੰਘ ਲਾਲਪੁਰਾ, ਸੁਭਾਸ਼ ਸ਼ਰਮਾ ਅਤੇ ਸੁਖਵਿੰਦਰ ਗੋਲਡੀ ਦਾ ਨਾਂ ਸਭ ਤੋਂ ਉੱਪਰ ਹੈ। ਜਿੱਥੇ ਅਜੈਵੀਰ ਲਾਲਾਪੁਰਾ ਦੇ ਪਿਤਾ ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਉਹ ਸਿੱਖ ਚਿਹਰਾ ਵੀ ਹਨ। ਉਨ੍ਹਾਂ ਦੀ ਹਾਈ ਕਮਾਨ ਤੱਕ ਸਿੱਧੀ ਪਹੁੰਚ ਵੀ ਹੈ। ਉੱਥੇ ਹਾਈ ਕਮਾਨ ਵੱਲੋਂ ਸੁਭਾਸ਼ ਸ਼ਰਮਾ ਅਤੇ ਸੁਖਵਿੰਦਰ ਗੋਲਡੀ ਦੇ ਨਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਕੀਤੇ ਗਏ ਸਰਵੇ ਵਿੱਚ ਇਨ੍ਹਾਂ ਤਿੰਨ ਆਗੂਆਂ ਦਾ ਨਾਂ ਸਾਹਮਣੇ ਆ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…