ਕਰੈਡਿਟ ਡੈਸ਼-ਬੋਰਡ ‘ਲੋਨ ਮਿੱਤਰਾ’ ਦੀ ਮੁਹਾਲੀ ਵਿੱਚ ਜਲਦੀ ਹੋਵੇਗੀ ਸ਼ੁਰੂਆਤ

ਕਰਜ਼ੇ ਦੀਆਂ ਅਰਜ਼ੀਆਂ ਅਤੇ ਸਥਿਤੀ ਨੂੰ ਜਾਣਨ ਵਿੱਚ ਮਦਦ ਕਰੇਗਾ: ਡੀਸੀ ਆਸ਼ਿਕਾ ਜੈਨ

ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਉੱਦਮੀਆਂ ਅਤੇ ਨਿਵੇਸ਼ਕਾਂ ਲਈ ਕਰਜ਼ੇ ਦੀਆਂ ਅਰਜ਼ੀਆਂ ਅਤੇ ਅਰਜ਼ੀ ਸਥਿਤੀ ਜਾਣਨ ਲਈ ਇੱਕ ਹੋਰ ਨਵੀਂ ਪਹਿਲਕਦਮੀ ਲੈ ਕੇ ਆਇਆ ਹੈ। ਇਸ ਸਬੰਧੀ ਡੀਸੀ ਦਫ਼ਤਰ ਮੁਹਾਲੀ ਵਿੱਚ ਇੱਕ ਸਮਰਪਿਤ ਕਰੈਡਿਟ ਮੋਨੀਟਰਿੰਗ ਸੈੱਲ ਸਥਾਪਿਤ ਕੀਤਾ ਜਾਵੇਗਾ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ 71ਵੀਂ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਹੈ ਕਿ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੀ ਸੁਵਿਧਾ ਲਈ ਮੌਜੂਦਾ ਰਿਣ ਵਿਤਰਨ ਪ੍ਰਣਾਲੀ ਵਿੱਚ ਕੁੱਝ ਕਮੀਆਂ ਹੋਣ ਕਾਰਨ ਲੋਕਾਂ ਨੂੰ ਕਰਜ਼ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਉੱਦਮੀਆਂ ਅਤੇ ਨਿਵੇਸ਼ਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਜ਼ਿਆਂ ਲਈ ਨਵੀਆਂ ਅਰਜ਼ੀਆਂ ਇੱਕ ਆਨਲਾਈਨ ਪਲੇਟਫ਼ਾਰਮ ’ਤੇ ਪ੍ਰਾਪਤ ਕਰਨ ਅਤੇ ਅਰਜ਼ੀਆਂ ਦੀ ਸਥਿਤੀ ਦੀ ਜਾਂਚ ਲਈ ਇੱਕ ‘ਕਰੈਡਿਟ ਡੈਸ਼-ਬੋਰਡ’ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਲੋਨ ਮਿੱਤਰ’ ਨਾਂ ਦਾ ਆਨਲਾਈਨ ਪਲੇਟਫ਼ਾਰਮ ’ਤੇ ਕੰਮ ਸ਼ੁਰੂ ਦਿੱਤਾ ਹੈ ਅਤੇ ਛੇਤੀ ਹੀ ਲਾਭਪਾਤਰੀਆਂ ਦੀ ਸਹੂਲਤ ਲਈ ਵੈੱਬਸਾਈਟ ਲਾਈਵ ਹੋ ਜਾਵੇਗੀ।
ਸ੍ਰੀਮਤੀ ਜੈਨ ਨੇ ਕਿਹਾ ਕਿ ਇਹ ਪਲੇਟਫ਼ਾਰਮ ਉੱਦਮੀਆਂ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ। ਪਲੇਟਫ਼ਾਰਮ ਬਿਨੈਕਾਰ ਦੀ ਮੰਗ ਦੇ ਨਾਲ ਖੇਤਰ ਦੇ ਨਾਮ ਅਤੇ ਨਜ਼ਦੀਕੀ ਬੈਂਕ ਸ਼ਾਖਾ ਨਾਲ ਪੋਰਟਲ ’ਤੇ ਪੂਰੀ ਹੋਣ ਵਾਲੀ ਮੁੱਢਲੀ ਜਾਣਕਾਰੀ ਨਾਲ ਕੰਮ ਕਰੇਗਾ। ਜਿਵੇਂ ਹੀ ਬਿਨੈ-ਪੱਤਰ ਜਮ੍ਹਾਂ ਹੋ ਜਾਂਦਾ ਹੈ, ਸਬੰਧਤ ਬੈਂਕ ਮੈਨੇਜਰ ਹੋਰ ਵੇਰਵੇ ਪ੍ਰਾਪਤ ਕਰਨ ਅਤੇ ਅਗਲੀਆਂ ਰਸਮਾਂ ਪੂਰੀਆਂ ਕਰਨ ਲਈ ਬਿਨੈਕਾਰ ਨੂੰ ਫੋਨ ਕਰੇਗਾ। ਕਰਜ਼ੇ ਦੀਆਂ ਅਰਜ਼ੀਆਂ ਵਾਲੇ ਇਸ ਪਲੇਟਫ਼ਾਰਮ ਨੂੰ ਵਪਾਰ, ਖੇਤੀਬਾੜੀ, ਰਿਹਾਇਸ਼, ਉਦਯੋਗ, ਵਾਹਨ ਕਰਜ਼ਿਆਂ ਲਈ ਵਧਾਇਆ ਜਾ ਸਕਦਾ ਹੈ। ਉਨ੍ਹਾਂ ਸਾਰੇ ਬੈਂਕਾਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਕਰਜ਼ਾ ਯੋਜਨਾ ਅਤੇ ਵੱਖ-ਵੱਖ ਸਪਾਂਸਰਡ ਸਕੀਮਾਂ ਤਹਿਤ ਮਿੱਥੇ ਟੀਚਿਆਂ ਨੂੰ ਪੂਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਦੋਂ ਵੀ ਬੈਂਕ ਨੂੰ ਕਰਜ਼ੇ ਸਬੰਧੀ ਕੋਈ ਅਰਜ਼ੀ ਮਿਲਦੀ ਹੈ ਤਾਂ ਉਸ ਨੂੰ ਰੱਦ ਕਰਨ ਤੋਂ ਪਹਿਲਾਂ ਧਿਆਨ ਨਾਲ ਦੇਖਿਆ ਜਾਵੇ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ. ਭਾਰਦਵਾਜ ਨੇ ਡੀਸੀ ਨੂੰ ਦੱਸਿਆ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਦਸੰਬਰ ਤਿਮਾਹੀ ਤੱਕ 60 ਫੀਸਦੀ ਕਰਜ਼ੇ ਵੰਡੇ ਗਏ ਹਨ ਜਦੋਂਕਿ ਐਮਐਸਐਮਈ ਲਈ 130 ਫੀਸਦੀ, ਹੋਰ ਤਰਜੀਹੀ ਖੇਤਰਾਂ ਲਈ 126 ਫੀਸਦੀ ਹੈ। ਕੁੱਲ ਖੇਤਰ ਲਈ ਸਮੁੱਚੀ ਤਰਜੀਹੀ ਪ੍ਰਤੀਸ਼ਤਤਾ 106 ਪ੍ਰਤੀਸ਼ਤ ਸਾਹਮਣੇ ਆਈ ਹੈ। ਮੀਟਿੰਗ ਵਿੱਚ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਸਹਾਇਕ ਕਮਿਸ਼ਨਰ ਡੇਵੀ ਗੋਇਲ, ਡੀਜੀਐਮ ਪੰਕਜ ਆਨੰਦ, ਡੀਡੀਐਮ ਨਾਬਾਰਡ ਮਨੀਸ਼ ਗੁਪਤਾ ਅਤੇ ਗਰਿਮਾ ਬੱਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…