ਪੰਜਾਬ ਵਿੱਚ ‘ਆਪ’ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ: ਭਗਵੰਤ ਮਾਨ

‘ਸੰਸਦ ਵਿੱਚ ਵੀ ਭਗਵੰਤ ਮਾਨ, ਖ਼ੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਦਾ ਦਿੱਤਾ ਨਾਅਰਾ

ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਪੰਜਾਬ ਵਿੱਚ ‘ਆਪ’ ਚੋਣ ਮੁਹਿੰਮ ਦੀ ਸ਼ੁਰੂਆਤ

ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਆਮ ਆਦਮੀ ਪਾਰਟੀ (ਆਪ) ਨੇ ਅੱਜ ਮੁਹਾਲੀ ਤੋਂ ਲੋਕ ਸਭਾ ਚੋਣਾਂ ਦਾ ਆਗਾਜ਼ ਕਰ ਦਿੱਤਾ ਹੈ। ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਮੌਜੂਦਗੀ ਵਿੱਚ ‘ਸੰਸਦ ਵਿੱਚ ਵੀ ਭਗਵੰਤ ਮਾਨ, ਖ਼ੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਦਾ ਨਾਅਰਾ ਦਿੱਤਾ ਗਿਆ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-11 ਸਥਿਤ ਮੁਹਾਲੀ ਕਲੱਬ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਰੋਹ ਕੀਤਾ ਗਿਆ। ਜਿੱਥੇ ਲੋਕ ਸਭਾ ਚੋਣਾਂ ਲਈ ਵਿਸ਼ੇਸ਼ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਲਈ ‘ਆਪ’ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਮੁੜ ਇਤਿਹਾਸ ਸਿਰਜਿਆ ਜਾਵੇਗਾ। ਇਹ ਉਹੀ ਥਾਂ ਹੈ, ਜਿੱਥੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਸੀ।
ਮੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕ੍ਰਾਂਤੀਕਾਰੀ ਨੇਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਅੰਦਰ ਰਾਜਨੀਤੀ ਦੀ ਰੂਪਰੇਖਾ ਬਦਲ ਕੇ ਰੱਖ ਦਿੱਤੀ ਹੈ। ਹਾਲਾਂਕਿ ਪਹਿਲਾਂ ਉਨ੍ਹਾਂ ਦਾ ਕਾਫ਼ਲਾ ਛੋਟਾ ਸੀ ਪਰ ਹੁਣ ਸਮੇਂ ਦੇ ਨਾਲ-ਨਾਲ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਆਮ ਲੋਕ ਅਤੇ ਦੂਜੀਆਂ ਪਾਰਟੀਆਂ ਦੇ ਵੱਡੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਮੁੱਖ ਮੰਤਰੀ ਨੇ ਵਿਕਾਸਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰੱਜ ਕੇ ਸਰਾਹਨਾ ਵੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਪੰਜਾਬ ਵਿੱਚ ਸਰਕਾਰ ਪਿੰਡਾਂ ਦੀਆਂ ਸੱਥਾਂ ’ਚੋਂ ਚੱਲੇਗੀ। ਇਸ ਸਬੰਧੀ ‘ਪੰਜਾਬ ਸਰਕਾਰ ਆਪ ਦੇ ਦੁਆਰ’ ਤਹਿਤ ਪਿੰਡਾਂ ਦੀਆਂ ਸੱਥਾਂ ਵਿੱਚ ਸੁਵਿਧਾ ਕੈਂਪ ਲਗਾ ਕੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਬੂਹੇ ’ਤੇ 44 ਤੋਂ ਵੱਧ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖ਼ੁਸ਼ ਹਨ।
ਭਾਜਪਾ ’ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਜਿੱਥੇ ਨਫ਼ਰਤ ਫੈਲਾ ਰਹੀ ਹੈ, ਉੱਥੇ ਪੰਜਾਬ ਦੀ ਆਪ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਆਰਡੀਐਫ਼ ਫੰਡ ਰੋਕ ਲਏ ਹਨ।

ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਦੀ ਗਲਤੀ ਕਾਰਨ ਪੰਜਾਬ ਨੂੰ ਫੰਡ ਮਿਲਣੇ ਬੰਦ ਹੋਏ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 90 ਫੀਸਦੀ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਉਹ ਸਮਾਂ ਵੀ ਆਏਗਾ ਜਦੋਂ ਪੰਜਾਬ ਦੀ ਝਾਂਕੀ ਸਭ ਤੋਂ ਪਹਿਲਾਂ ਦਿਖਾਈ ਜਾਇਆ ਕਰੇਗੀ। ਸੁਨੀਲ ਜਾਖੜ ’ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਪਤਾ ਨਹੀਂ ਚਲਦਾ ਕਿ ਉਹ ਭਾਜਪਾ ਜਾਂ ਕਾਂਗਰਸ ਲਈ ਕੰਮ ਕਰ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਢੀਂਡਸਾ ਦੀ ਵਾਪਸੀ ਪਾਰਟੀ ਵਿੱਚ ਹੋਈ ਹੈ ਪ੍ਰੰਤੂ ਲੋਕਾਂ ਦੇ ਦਿਲਾਂ ’ਚੋਂ ਤਾਂ ਬਹੁਤ ਦੂਰ ਹੋ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…