Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ 5 ਗੈਂਗਸਟਰ ਭਾਰੀ ਮਾਤਰਾ ਵਿੱਚ ਅਸਲੇ ਸਣੇ ਪੀਲੀਭੀਤ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀਆਂ ਗੱਡੀਆਂ ਵੀ ਕੀਤੀਆਂ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ, 8 ਮਾਰਚ: ਇੱਥੋਂ ਦੇ ਸੈਕਟਰ-67 ਸਥਿਤ ਸੀਪੀ ਮਾਲ ਦੇ ਸਾਹਮਣੇ ਅੰਨ੍ਹੇਵਾਹ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰੇ ਗਏ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨਬੀਰ ਵਾਸੀ ਜੰਮੂ ਦੇ ਕਤਲ ਮਾਮਲੇ ਮੁਹਾਲੀ ਪੁਲੀਸ ਨੇ ਪੰਜ ਗੈਂਗਸਟਰਾਂ ਨੂੰ ਪੀਲੀਭੀਤ ਤੋਂ ਭਾਰੀ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਨਿਲ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਗੂੜਾ ਸਲਾਥੀਆ (ਜੰਮੂ-ਕਸ਼ਮੀਰ), ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗਣਪੱਤੀ ਐਨਕਲੇਵ, ਜ਼ਿਲ੍ਹਾ ਮੇਰਠ (ਯੂਪੀ), ਸਤਵੀਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸ਼ਾਹਗੜ੍ਹ ਸਟੇਸ਼ਨ, ਜ਼ਿਲ੍ਹਾ ਪੀਲੀਭੀਤ, ਸੰਦੀਪ ਸਿੰਘ ਉਰਫ਼ ਸੋਨੀ ਵਾਸੀ ਪਿੰਡ ਹਾਲੋ ਤਾਲੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸ਼ਾਮ ਲਾਲ ਵਾਸੀ ਪਿੰਡ ਕਿਰਮੋ, ਜ਼ਿਲ੍ਹਾ ਉਧਮਪੁਰ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਉਨ੍ਹਾਂ ਖ਼ਿਲਾਫ਼ ਜੰਮੂ ਦੇ ਵੱਖ-ਵੱਖ ਥਾਣਿਆਂ ਵਿੱਚ ਅੱਠ ਪਰਚੇ ਦਰਜ ਹਨ। ਇਨ੍ਹਾਂ ਮੁਲਜ਼ਮਾਂ ਨੇ ਨਿੱਜੀ ਰੰਜ਼ਸ਼ ਦੇ ਚੱਲਦਿਆਂ ਬੀਤੀ 4 ਮਾਰਚ ਨੂੰ ਦਿਨ ਦਿਹਾੜੇ ਸੀਪੀ ਮਾਲ ’ਚੋਂ ਬਾਹਰ ਆ ਰਹੇ ਵਿਰੋਧੀ ਗਰੁੱਪ ਦੇ ਗੈਂਗਸਟਰ ਰਾਜੇਸ਼ ਡੋਗਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਤਿੰਨ ਗੱਡੀਆਂ ਵਿੱਚ ਕਰੀਬ 8-9 ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਦੌਰਾਨ ਕਰੀਬ 25 ਤੋਂ 30 ਫਾਇਰ ਹੋਣ ਦਾ ਪਤਾ ਲੱਗਾ ਹੈ। ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਐਸਪੀ ਸ੍ਰੀਮਤੀ ਜਯੋਤੀ ਯਾਦਵ ਅਤੇ ਡੀਐਸਪੀ (ਸਪੈਸ਼ਲ ਸੈੱਲ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਸੀ। ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਟੈਕਨੀਕਲ ਅਤੇ ਮਨੁੱਖੀ ਸਰੋਤਾਂ ਦੀ ਸਹਾਇਤਾ ਨਾਲ ਕਰੀਬ 3000 ਕਿੱਲੋਮੀਟਰ (ਜੰਮੂ, ਦਿੱਲੀ, ਯੂਪੀ ਨੇਪਾਲ ਬਾਰਡਰ) ਦਾ ਏਰੀਆ ਕਵਰ ਕਰਕੇ ਉਕਤ ਮੁਲਜ਼ਮਾਂ ਨੂੰ ਟਰੇਸ ਕਰਕੇ ਪੀਲੀਭੀਤ ਤੋਂ ਨਾਜਾਇਜ਼ ਅਸਲੇ ਸਣੇ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਅਤੇ ਮ੍ਰਿਤਕ ਰਾਜੇਸ਼ ਡੋਗਰਾ ਦੀ ਸਾਲ 2006 ਤੋਂ ਆਪਸੀ ਰੰਜ਼ਸ਼ ਚੱਲਦੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਰਾਜੇਸ਼ ਡੋਗਰਾ ਨੇ ਦਹਿਸ਼ਤ ਫੈਲਾਉਣ ਲਈ ਜੰਮੂ ਦੇ ਬੱਕਰਾ ਗੈਂਗ ਮੁੱਖ ਮੈਂਬਰ ਦਾ ਕਤਲ ਕਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ ਅਨਿਲ ਸਿੰਘ ਉਰਫ਼ ਬਿੱਲਾ ਨੇ ਬੱਕਰਾ ਗੈਂਗ ਦੇ ਮੁਖੀ ਹੋਣ ਦੇ ਨਾਤੇ ਰਾਜੇਸ਼ ਡੋਗਰਾ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਅਤੇ ਉਹ ਪਿਛਲੇ ਲੰਮੇ ਤੋਂ ਲਗਾਤਾਰ ਪੰਜਾਬ ਸਮੇਤ ਗੁਆਂਢੀ ਸੂਬਿਆਂ ਯੂਪੀ ਅਤੇ ਉੱਤਰਾਖੰਡ ਦੇ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਰਾਜੇਸ਼ ਡੋਗਰਾ ਨੂੰ ਮਾਰਨ ਲਈ ਹੁਣ ਤੱਕ ਕਰੀਬ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾ ਚੁੱਕੀ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਡੋਗਰਾ ਦਾ ਪਤਾ ਲਗਾਉਣ ਲਈ ਰੈਕੀ ਕਰ ਰਹੇ ਸਨ। ਬੀਤੀ 4 ਮਾਰਚ ਨੂੰ ਰਾਜੇਸ਼ ਡੋਗਰਾ ਆਪਣੇ ਦੋ ਤਿੰਨ ਸਾਥੀਆਂ ਨਾਲ ਜੰਮੂ ਤੋਂ ਘੁੰਮਣ ਲਈ ਇੱਥੇ ਆਇਆ ਸੀ। ਜਿਸ ਦੀ ਭਿਣਕ ਮੁਲਜ਼ਮਾਂ ਨੂੰ ਲੱਗ ਗਈ ਸੀ। ਯੋਜਨਾ ਮੁਤਾਬਕ ਉਹ (ਮੁਲਜ਼ਮ) ਸੀਪੀ ਮਾਲ ਦੇ ਬਾਹਰ ਆਪੋ-ਆਪਣੇ ਵਾਹਨਾਂ ਵਿੱਚ ਘਾਤ ਲਗਾ ਕੇ ਬੈਠ ਗਏ ਅਤੇ ਜਿਵੇਂ ਹੀ ਰਾਜੇਸ਼ ਡੋਗਰਾ ਮਾਲ ’ਚੋਂ ਬਾਹਰ ਆਇਆ ਤਾਂ ਉਨ੍ਹਾਂ ਨੇ ਉਸ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ