Share on Facebook Share on Twitter Share on Google+ Share on Pinterest Share on Linkedin ਐਕਸਿਸ ਬੈਂਕ: ਖਾਤੇਦਾਰਾਂ ਨਾਲ ਕਰੋੜਾਂ ਦੀ ਠੱਗੀ ਮਾਮਲੇ ਵਿੱਚ ਬੈਂਕ ਮੈਨੇਜਰ ਗੌਰਵ ਸ਼ਰਮਾ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਲੋਕਾਂ ਦੇ ਪੈਸੇ ਆਪਣੇ ਖਾਤਿਆਂ ਵਿੱਚ ਟਰਾਂਸਫ਼ਰ ਕਰਕੇ ਮਾਰਦਾ ਸੀ ਠੱਗੀ, 50 ਕਰੋੜ ਦੀ ਠੱਗੀ ਦਾ ਹੈ ਮਾਮਲਾ ਨਬਜ਼-ਏ-ਪੰਜਾਬ, ਮੁਹਾਲੀ, 24 ਫਰਵਰੀ: ਮੁਹਾਲੀ ਪੁਲੀਸ ਨੇ ਕੁੱਝ ਦਿਨ ਪਹਿਲਾਂ ਐਕਸਿਸ ਬੈਂਕ ਦੀ ਪਿੰਡ ਬਾਂਸੇਪੁਰ (ਮੁੱਲਾਂਪੁਰ ਗਰੀਬਦਾਸ) ਬ੍ਰਾਂਚ ਦੇ ਖਾਤਾ ਧਾਰਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਬੈਂਕ ਮੈਨੇਜਰ ਗੌਰਵ ਸ਼ਰਮਾ ਵਾਸੀ ਪਿੰਡ ਭੋਆ (ਪਠਾਨਕੋਟ) ਨੂੰ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਮੇਂ ਉਹ ਨਿਊ ਚੰਡੀਗੜ੍ਹ ਸਥਿਤ ਟਾਵਰ ਪ੍ਰਾਈਮਰੋਜ-ਏ, ਅੰਬੀਕਾ ਫਲੋਰੈਂਸ ਪਾਰਕ ਵਿੱਚ ਰਹਿੰਦਾ ਸੀ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਐਸਪੀ (ਐੱਚ) ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਮੈਨੇਜਰ, ਬੈਂਕ ਵਿੱਚ ਜਮ੍ਹਾਂ ਲੋਕਾਂ ਦਾ ਪੈਸਾ ਆਪਣੇ ਖਾਤਿਆਂ ਵਿੱਚ ਟਰਾਂਸਫ਼ਰ ਕਰਕੇ ਠੱਗੀ ਮਾਰਦਾ ਸੀ। ਉਸਦਾ ਭੇਦ ਖੁੱਲ੍ਹਣ ਤੋਂ ਬਾਅਦ ਉਹ ਨੇਪਾਲ ਭੱਜਣ ਦੀ ਫਿਰਕ ਵਿੱਚ ਸੀ ਲੇਕਿਨ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਐਸਪੀ (ਐੱਚ) ਤੁਸ਼ਾਰ ਗੁਪਤਾ ਨੇ ਦੱਸਿਆ ਕਿ ਬੈਂਕ ਦੇ ਖਾਤੇਦਾਰਾਂ ਦੀਆਂ ਰਕਮਾਂ ਗਲਤ ਤਰੀਕੇ ਨਾਲ ਆਪਣੇ ਖਾਤਿਆਂ ਵਿੱਚ ਤਬਦੀਲ ਕਰਨ ਦੇ ਮਾਮਲੇ ਦਾ ਪਰਦਾਫਾਸ਼ ਹੋਣ ’ਤੇ ਬੈਂਕ ਮੈਨੇਜਰ ਗੌਰਵ ਸ਼ਰਮਾ ਖ਼ਿਲਾਫ਼ ਧਾਰਾ 381, 409, 120-ਬੀ ਦੇ ਤਹਿਤ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਦੇ ਐਸਐਚਓ ਸਵਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੈਂਕ ਮੈਨੇਜਰ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਗੌਰਵ ਸ਼ਰਮਾ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਠੱਗੀ ਦੀ ਰਕਮ ਕਿੱਥੇ ਕਿੱਥੇ ਵਰਤੀ ਹੈ ਅਤੇ ਇਸ ਗੋਰਖਧੰਦੇ ਧੰਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ। ਐਸਪੀ ਗੁਪਤਾ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਹੁਣ ਤੱਕ 67 ਖਾਤਾ ਧਾਰਕਾਂ ਦੀਆਂ ਪੁਲੀਸ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੁਲੀਸ ਵੱਲੋਂ ਸਾਰੇ ਬੈਂਕ ਖਾਤੇ ਸੀਲ ਕਰਵਾਏ ਗਏ ਹਨ। ਜਿਨ੍ਹਾਂ ’ਚੋਂ ਬੈਂਕ ਮੈਨੇਜਰ ਨੇ ਪੈਸਾ ਆਪਣੇ ਖਾਤਿਆਂ ਵਿੱਚ ਟਰਾਂਸਫ਼ਰ ਕੀਤਾ ਹੇ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਤੱਕ 10 ਤੋਂ 15 ਕਰੋੜ ਰੁਪਏ ਦੇ ਗਬਨ ਦਾ ਪਤਾ ਲੱਗਾ ਹੈ ਲੇਕਿਨ ਇਹ ਮਾਮਲਾ ਲਗਪਗ 50 ਕਰੋੜ ਦੀ ਠੱਗੀ ਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੌਰਵ ਸ਼ਰਮਾ ਵੱਲੋਂ 6 ਕੁ ਮਹੀਨੇ ਪਹਿਲਾਂ ਬੈਂਕ ਦੇ ਖਾਤੇਦਾਰਾਂ ਦੇ ਨੋਟੀਫ਼ਿਕੇਸ਼ਨ ਵਾਲੇ ਨੰਬਰ ਬਦਲ ਕੇ ਉਨ੍ਹਾਂ ਖਾਤਿਆਂ ’ਚੋਂ 5 ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫ਼ਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ’ਚੋਂ 2 ਖਾਤੇ ਉਸਦੇ ਆਪਣੇ ਹਨ, ਜਦੋਂਕਿ ਦੋ ਖਾਤੇ ਉਸ ਦੇ ਮਾਪਿਆਂ (ਮਾਂ-ਬਾਪ) ਦੇ ਨਾਂ ਅਤੇ ਇੱਕ ਬੈਂਕ ਖਾਤਾ ਨੌਕਰ ਦੇ ਨਾਂ ’ਤੇ ਹੈ, ਜੋ ਨੇਪਾਲ ਭੱਜਣ ਵਿੱਚ ਸਫਲ ਹੋ ਗਿਆ ਹੈ। ਐਸਪੀ ਗੁਪਤਾ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਦੀ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਭੂਮਿਕਾ ਫਿਲਹਾਲ ਸਾਹਮਣੇ ਨਹੀਂ ਆਈ ਹੈ, ਪ੍ਰੰਤੂ ਪੁਲੀਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ। ਗੌਰਵ ਸ਼ਰਮਾ ਦੇ ਮਾਂ-ਬਾਪ ਦੀ ਵੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਇਹ ਸਾਰੇ ਖਾਤੇ ਗੌਰਵ ਸ਼ਰਮਾ ਵੱਲੋਂ ਹੀ ਅਪਰੇਟ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਲਜ਼ਮ ਬੈਂਕ ਮੈਨੇਜਰ ਤੋਂ ਪੁੱਛਗਿੱਛ ਦੌਰਾਨ ਹੋਰ ਕਈ ਅਹਿਮ ਖੁਲਾਸੇ ਹੁਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ