ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵਿਖੇ ਮਿਤੀ 21.02.2024 ਨੂੰ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਮੌਕੇ ’ਤੇ ਅਹਿਦ ਸਮਾਗਮ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਐੱਸ.ਏ.ਐੱਸ.ਨਗਰ) ਸਨ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸਰਬਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਮੁੱਖ ਬੁਲਾਰੇ ਵਜੋਂ ਡਾ. ਹਰਜੀਤ ਸਿੰਘ (ਡੀਏਵੀ ਕਾਲਜ, ਸੈਕਟਰ-10, ਚੰਡੀਗੜ੍ਹ) ਅਤੇ ਜਗਤਾਰ ਸਿੰਘ ਸੋਖੀ (ਉੱਘੇ ਅੱਖਰਕਾਰ) ਸ਼ਾਮਲ ਹੋਏ।
ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤਿਆਂ ਨੂੰ ‘ਜੀ ਆਇਆਂ ਨੂੰ’ ਆਖਦਿਆਂ ਇਸ ਮੁਕੱਦਸ ਦਿਹਾੜੇ ਉ੍ਵਤੇ ਪੰਜਾਬੀ ਭਾਸ਼ਾ ਦੀ ਸਥਿਤੀ, ਚੁਣੌਤੀਆਂ ਦੇ ਪਰਿਪੇਖ ਵਿੱਚ ਗੱਲ ਕਰਦਿਆਂ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ। ਸਮਾਗਮ ਦੀ ਸ਼ੁਰੂਆਤ ਸਭ ਹਾਜ਼ਰੀਨ ਸ਼ਖ਼ਸੀਅਤਾਂ ਨੇ ‘ਪੰਜਾਬੀ ਮਾਂ-ਬੋਲੀ ਲਈ ਅਹਿਦ’ ਲੈ ਕੇ ਕੀਤੀ। ਉਪਰੰਤ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਲਿਖੀ ਪੁਸਤਕ ‘ਪਾਣੀਆਂ ਦੀ ਧਰਤੀ ਕੈਨੇਡਾ’ ਨੂੰ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਸਰਬਜੀਤ ਸਿੰਘ ਵੱਲੋਂ ਮਾਤ ਭਾਸ਼ਾ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਭਾਸ਼ਾ ਪ੍ਰਤੀ ਚੇਤਨਾ ਦਾ ਮਸਲਾ ਬੁਨਿਆਦੀ ਮਸਲਾ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਕੋਈ ਵੀ ਭਾਸ਼ਾ ਗਿਆਨ, ਵਿਗਿਆਨ, ਸਿੱਖਿਆ ਤੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉਸਦਾ ਜਿਊਂਦਾ ਰਹਿਣਾ ਸੰਭਵ ਨਹੀਂ ਹੈ। ਸਾਬਕਾ ਜੱਜ ਐੱਸਕੇ ਅਗਰਵਾਲ ਨੇ ਭਾਸ਼ਾ ਐਕਟ ’ਤੇ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਪਹਿਲ ਦਿੰਦਿਆਂ ਬਹੁਤ ਕੁਝ ਹਾਸਲ ਕੀਤਾ ਹੈ। ਉਨ੍ਹਾਂ ਸਵਾਮੀ ਵਿਵੇਕਾਨੰਦ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਦੂਜਿਆਂ ਦੀ ਮਾਤ-ਭਾਸ਼ਾ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ।
ਡਾ. ਹਰਜੀਤ ਸਿੰਘ ਵੱਲੋਂ ‘ਪੰਜਾਬੀ ਭਾਸ਼ਾ ਅਤੇ ਮਸ਼ੀਨੀ ਬੁੱਧੀਮਾਨਤਾ ’ਤੇ ਗੱਲ ਕਰਦਿਆਂ ਆਖਿਆ ਕਿ ਮਸਨੂਈ ਬੁੱਧੀ ਕਿਵੇਂ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਜ਼ਰੂਰੀ ਹਿੱਸਾ ਬਣ ਜਾਵੇਗੀ ਅਤੇ ਸਮੇਂ ਦੇ ਹਾਣ ਦਾ ਬਣਨ ਲਈ ਸਾਨੂੰ ਮਸ਼ੀਨੀ ਬੁੱਧੀਮਾਨਤਾ ਦੇ ਮੰਚ ਤੇ ਪੰਜਾਬੀ ਭਾਸ਼ਾ ਲਈ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ। ਜਗਤਾਰ ਸਿੰਘ ਸੋਖੀ ਵੱਲੋਂ ਪੰਜਾਬੀ ਅੱਖਰਕਾਰੀ ਅਤੇ ਸੁੰਦਰ ਲਿਖਾਈ ਵਿਚ ਫ਼ਰਕ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਅੱਖਰਕਾਰ ਕਿਸੇ ਅੱਖਰ ਨੂੰ ਆਪਣੀ ਕਲਾਕਾਰੀ ਵਿਚ ਢਾਲਦਾ ਹੈ ਤਾਂ ਉਹ ਅੱਖਰਕਾਰੀ ਬਣਦੀ ਹੈ। ਉਨ੍ਹਾਂ ਨੇ ਪੰਜਾਬੀ ਅੱਖਰਕਾਰੀ ਦੇ ਇਤਿਹਾਸ, ਮੁਢਲੇ ਨੁਕਤਿਆਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। ਇਸ ਵਿਚਾਰ ਚਰਚਾ ਵਿੱਚ ਰਾਜੇਸ਼ ਗਰਗ, ਪਰਵਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਬੁਧ ਰਾਮ ਗਰਗ, ਦਲਜੀਤ ਸਿੰਘ ਭੰਗੂ, ਭਗਤ ਰਾਮ ਰੰਗਾੜਾ, ਨੀਲਮ ਨਾਰੰਗ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਮਾਗਮ ਵਿੱਚ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਦਰਸ਼ਨ ਕੌਰ ਨੇ ਕੀਤਾ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…