Share on Facebook Share on Twitter Share on Google+ Share on Pinterest Share on Linkedin ਅੰਮ੍ਰਿਤਸਰ ਵਿੱਚ ‘ਰੰਗਲਾ ਪੰਜਾਬ’ ਦੇ ਨਾਂ ਹੇਠ ਕਰਵਾਏ ਜਾ ਰਹੇ ਜਸ਼ਨ ਪ੍ਰੋਗਰਾਮ ਨੂੰ ਤੁਰੰਤ ਮੁਲਤਵੀ ਕਰੇ ਸਰਕਾਰ: ਸਿੱਧੂ ਕਿਹਾ, ਜਦੋਂ ਪੰਜਾਬ ਵਿੱਚ ਰੋਜ਼ਾਨਾ ਸੱਥਰ ਵਿਛ ਰਹੇ ਹੋਣ ਤਾਂ ਗਾਉਣ ਵਜਾਉਣ ਦੇ ਜਸ਼ਨ ਮਨਾਉਣੇ ਸ਼ੋਭਾ ਨਹੀਂ ਦਿੰਦੇ ਸ਼ੰਭੂ ਤੇ ਖਨੌਰੀ ਸਰਹੱਦ ’ਤੇ ਪੁਲੀਸ ਗੋਲੀ ਨਾਲ ਕਿਸਾਨ ਦੀ ਮੌਤ ਅਤੇ ਹੋਰ ਜ਼ਖ਼ਮੀ ਹੋਣ ’ਤੇ ਦੁੱਖ ਪ੍ਰਗਟਾਇਆ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ: ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਉੱਤੇ ਪੁਲੀਸ ਗੋਲੀ ਨਾਲ ਕਿਸਾਨ ਦੀ ਹੋਈ ਮੌਤ ਅਤੇ ਸੈਂਕੜਿਆਂ ਦੇ ਜ਼ਖ਼ਮੀ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ 23 ਤੋਂ 29 ਫਰਵਰੀ ਤੱਕ ‘ਰੰਗਲਾ ਪੰਜਾਬ’ ਦੇ ਨਾਂ ਹੇਠ ਕਰਵਾਏ ਜਾ ਰਹੇ ਜਸ਼ਨਾਂ ਦੇ ਪ੍ਰੋਗਰਾਮ ਨੂੰ ਤੁਰੰਤ ਮੁਲਤਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਕ ਪਾਸੇ ਪੰਜਾਬ ਦੇ ਕਿਸਾਨ ਪੁੱਤ ਆਪਣੀਆਂ ਹੱਕੀ ਮੰਗਾਂ ਲਈ ਰੋਜ਼ਾਨਾ ਸ਼ਹੀਦੀਆਂ ਪਾ ਰਹੇ ਹਨ ਅਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ 10 ਰੋਜ਼ਾ ‘ਰੰਗਲਾ ਪੰਜਾਬ’ ਦੇ ਨਾਂ ਹੇਠ ਨੱਚਣ-ਟੱਪਣ, ਗਾਉਣ-ਵਜਾਉਣ ਤੇ ਖਾਣ-ਪੀਣ ਦੇ ਜਸ਼ਨ ਮਨਾਉਣ ਜਾ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਹਰ ਰੋਜ਼ ਸੱਥਰ ਵਿਛ ਰਹੇ ਹੋਣ, ਪੁਲੀਸ ਦੀਆਂ ਗੋਲੀਆਂ ਨਾਲ ਸੈਂਕੜੇ ਪੰਜਾਬੀ ਨਕਾਰਾ ਹੋ ਰਹੇ ਹੋਣ ਅਤੇ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੀਆਂ ਹੱਦਾਂ ਵਿੱਚ ਆ ਕੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗਲੇ ਦਾਗੇ ਜਾ ਰਹੇ ਹੋਣ ਤਾਂ ਪੰਜਾਬ ਸਰਕਾਰ ਨੂੰ ਗਾਉਣ ਵਜਾਉਣ ਦੇ ਜਸ਼ਨ ਮਨਾਉਣੇ ਉੱਕਾ ਹੀ ਸ਼ੋਭਾ ਨਹੀਂ ਦਿੰਦੇ।’’ ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਮਹਿਜ਼ ਗਾਉਣ-ਵਜਾਉਣ ਜਾਂ ਨੱਚਣ-ਟੱਪਣ ਦੇ ਪ੍ਰੋਗਰਾਮ ਕਰਵਾ ਕੇ ਰੰਗਲਾ ਨਹੀਂ ਬਣ ਸਕਦਾ ਬਲਕਿ ਇਸ ਨੂੰ ਰੰਗਲਾ ਬਣਾਉਣ ਲਈ ਇਸ ਦੀ ਆਰਥਿਕਤਾ ਦੇ ਧੁਰੇ ਖੇਤੀ ਨੂੰ ਮੁੜ ਤੋਂ ਲਾਹੇਵੰਦਾ ਧੰਦਾ ਨਹੀਂ ਬਣਾਇਆ ਜਾਂਦਾ ਜਿਸ ਲਈ ਪੰਜਾਬ ਦੇ ਕਿਸਾਨ ਲਹੂ ਡੋਲਵਾਂ ਸੰਘਰਸ਼ ਲੜ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਅਜਿਹੇ ਪ੍ਰੋਗਰਾਮਾਂ ਦੀ ਥਾਂ ਆਪਣਾ ਸਾਰਾ ਧਿਆਨ ਪੰਜਾਬ ਦੇ ਕਿਸਾਨਾਂ ਦੀ ਸੁਰੱਖਿਆ ਉੱਤੇ ਲਾਉਂਦਿਆਂ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਉਥੋਂ ਦੀ ਪੁਲੀਸ ਵਲੋਂ ਗੋਲੀਆਂ ਨਾਲ ਸ਼ਹੀਦ ਤੇ ਜ਼ਖ਼ਮੀ ਕੀਤੇ ਜਾ ਰਹੇ ਕਿਸਾਨਾਂ ਦਾ ਮਾਮਲਾ ਉਠਾਵੇ। ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਗੁਆਂਢ ਵਿੱਚ ਰਹਿੰਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰ ਕੇ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਰੋਕਾਂ ਹਟਾਉਣ ਲਈ ਜ਼ੋਰ ਨਾਲ ਕਹਿਣਾ ਚਾਹੀਦਾ ਹੈ ਤਾਂ ਕਿ ਕਿਸਾਨ ਦਿੱਲੀ ਜਾ ਕੇ ਧਰਨਾ ਦੇ ਸਕਣ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਜਸ਼ਨਾਂ ਦੇ ਇਸ ਪ੍ਰੋਗਰਾਮ ਨੂੰ ਉਸ ਸਮੇਂ ਤੱਕ ਮੁਲਤਵੀ ਕਰੇ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਸ਼ਾਂਤਮਈ ਸੰਘਰਸ਼ ਕਿਸੇ ਤਣ-ਪੱਤਣ ਨਹੀਂ ਲੱਗ ਜਾਂਦਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ