ਬਲਬੀਰ ਸਿੱਧੂ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਤਸ਼ੱਦਦ ਕਰਨ ਦੀ ਸਖ਼ਤ ਨਿਖੇਧੀ

ਗੋਲੀਆਂ ਅਤੇ ਡਾਂਗਾ ਮਾਰਨ ਦਾ ਰਾਹ ਛੱਡ ਕੇ ਮੰਨੀਆਂ ਮੰਗਾਂ ਉੱਤੇ ਅਮਲ ਕਰੇ ਕੇਂਦਰ ਸਰਕਾਰ

ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਮੰਗਾਂ ਮੰਨਣ ਦੀ ਥਾਂ ਤਸ਼ੱਦਦ ਦਾ ਰਾਹ ਅਪਨਾਉਣ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਅੰਨਦਾਤਾ ਨੂੰ ਸੜਕਾਂ ਤੇ ਰੋਲਣਾ ਪੂਰੇ ਮੁਲਕ ਲਈ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਬਲਬੀਰ ਸਿੱਧੂ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਬਹੁਤ ਹੀ ਗੈਰਜ਼ਿੰਮੇਵਾਰੀ ਅਤੇ ਬੇਕਿਰਕੀ ਨਾਲ ਕਿਸਾਨਾਂ ਉਤੇ ਲਾਠੀਚਾਰਜ ਅਤੇ ਗੋਲਾਬਾਰੀ ਕਰ ਕੇ ਸੈਂਕੜੇ ਕਿਸਾਨਾਂ ਨੂੰ ਜ਼ਖ਼ਮੀ ਕਰ ਦਿਤਾ ਹੈ ਜਿਨ੍ਹਾਂ ਵਿਚੋਂ ਬਹੁਤਿਆਂ ਦੀ ਹਾਲਤ ਨਾਜ਼ੁਕ ਹੈ। ਉਹਨਾਂ ਕਿਹਾ ਕਿ ਆਪਣੀਆਂ ਮੰਗੀਆਂ ਗਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਪੁਰਅਮਨ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਹੰਝੂ ਗੈਸ ਦੇ ਗੋਲੇ ਵਰਾਉਣਾ, ਲਾਠੀਚਾਰਜ ਕਰਨਾ ਅਤੇ ਰਬੜ ਦੀਆਂ ਗੋਲੀਆਂ ਚਲਾਉਣਾ ਲੋਕਤੰਤਰ ਦਾ ਘਾਣ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਆਪਣੇ ਸੂਬੇ ਦੇ ਕਿਸਾਨਾਂ ਦੀ ਰਾਖੀ ਕਰਨ ਵਿੱਚ ਬੁਰੀ ਤਰਾਂ ਫੇਲ੍ਹ ਹੋ ਰਹੀ ਹੈ ਕਿਉਂਕਿ ਹਰਿਆਣਾ ਪੁਲੀਸ ਸਾਰਾ ਦਿਨ ਪੰਜਾਬ ਦੀ ਹੱਦ ਵਿਚ ਬੈਠੇ ਕਿਸਾਨਾਂ ਉੱਤੇ ਡਰੋਨਾਂ ਰਾਹੀਂ ਗੋਲੇ ਦਾਗਦੀ ਰਹੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਜ਼ਖ਼ਮੀ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਵੇ ਅਤੇ ਉਨ੍ਹਾਂ ਦਾ ਇਲਾਜ ਸਰਕਾਰੀ ਖ਼ਰਚੇ ਉਤੇ ਕਰਵਾਇਆ ਜਾਵੇ। ਸ੍ਰੀ ਸਿੱਧੂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਤਸ਼ੱਦਦ ਕਰਨ ਦੀ ਨਿੰਦਾ ਕਰਦਿਆ ਕਿਹਾ ਕਿ ਹਰਿਆਣਾ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਦਿੱਲੀ ਜਾ ਰਹੇ ਕਿਸਾਨਾਂ ਦੇ ਰਾਹ ਵਿਚ ਰੋੜੇ ਅਟਕਾਵੇ ਕਿਉਂਕਿ ਕਿਸਾਨਾਂ ਨੇ ਤਾਂ ਹਰਿਆਣਾ ਵਿੱਚ ਰੁਕਣਾ ਹੀ ਨਹੀਂ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਹ ਦਿੱਲੀ ਸਰਕਾਰ ਤੇ ਕਿਸਾਨਾਂ ਦਰਮਿਆਨ ਨਾ ਆਵੇ ਨਹੀਂ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੁੜ ਸੰਘਰਸ ਦਾ ਰਾਹ ਇਸ ਲਈ ਅਖ਼ਤਿਆਰ ਕਰਨਾ ਪਿਆ ਹੈ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਬੀਤੇ ਤੋਂ ਸਬਕ ਸਿਖਦਿਆਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਉੱਤੇ ਤੁਰੰਤ ਅਮਲ ਕਰੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…