Share on Facebook Share on Twitter Share on Google+ Share on Pinterest Share on Linkedin ਗਮਾਡਾ ਵੱਲੋਂ ਸਰਕਾਰੀ ਥਾਂ ’ਤੇ ਬਣੇ ਗਊ ਹਸਪਤਾਲ ਦੀ ਕੰਧ ਤੋੜਨ ਕਾਰਨ ਹੰਗਾਮਾ, ਚੱਕਾ ਜਾਮ ਗਊ ਹਸਪਤਾਲ ਦੇ ਪ੍ਰਬੰਧਕਾਂ ਤੇ ਸਮਰਥਕਾਂ ਨੇ ਮੁੱਖ ਸੜਕ ’ਤੇ ਲਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ ਨਬਜ਼-ਏ-ਪੰਜਾਬ, ਮੁਹਾਲੀ, 27 ਦਸੰਬਰ: ਇੱਥੋਂ ਦੇ ਫੇਜ਼-1 ਵਿੱਚ ਸਰਕਾਰੀ ਥਾਂ ’ਤੇ ਬਣੇ ਵੱਡੇ ਸ਼ੈੱਡ ਵਿੱਚ ਗਊ ਗਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾ ਰਹੇ ਗਊ ਹਸਪਤਾਲ ਦੀ ਅੱਜ ਗਮਾਡਾ ਦੀ ਟੀਮ ਨੇ ਇੰਡਸ ਹਸਪਤਾਲ ਵਾਲੇ ਪਾਸੇ ਕੀਤੀ ਕੰਧ ਢਾਹੇ ਜਾਣ ਖ਼ਿਲਾਫ਼ ਪ੍ਰਬੰਧਕਾਂ ਅਤੇ ਮੰਦਰ ਕਮੇਟੀ ਅਤੇ ਹੋਰਨਾਂ ਵਿਅਕਤੀਆਂ ਨੇ ਕਾਫ਼ੀ ਹੰਗਾਮਾ ਕੀਤਾ ਅਤੇ ਮੁੱਖ ਸੜਕ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਗਊ ਹਸਪਤਾਲ ਦੀ ਕੰਧ ਢਾਹੁਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉਧਰ, ਸੂਚਨਾ ਮਿਲਦੇ ਹੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਥਾਣਾ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਖ਼ਤ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਗਮਾਡਾ ਦੀ ਟੀਮ ਜੇਸੀਬੀ ਮਸ਼ੀਨ ਲੈ ਕੇ ਮੌਕੇ ’ਤੇ ਪਹੁੰਚ ਗਈ ਅਤੇ ਇੰਡਸ ਹਸਪਤਾਲ ਵਾਲੇ ਪਾਸੇ ਗਊ ਹਸਪਤਾਲ ਦੀ ਕੰਧ ਢਾਹ ਦਿੱਤੀ। ਹਾਲਾਂਕਿ ਹਸਪਤਾਲ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੇ ਗਮਾਡਾ ਦੀ ਕਾਰਵਾਈ ਦਾ ਵਿਰੋਧ ਕੀਤਾ ਪ੍ਰੰਤੂ ਗਮਾਡਾ ਨੇ ਕਾਰਵਾਈ ਜਾਰੀ ਰੱਖੀ। ਬਾਅਦ ਵਿੱਚ ਜਦੋਂ ਉੱਥੇ ਭੀੜ ਇਕੱਠੀ ਹੋਣ ਲੱਗੀ ਤਾਂ ਗਮਾਡਾ ਕਰਮਚਾਰੀ ਉੱਥੋਂ ਖਿਸਕ ਗਏ। ਲੋਕਾਂ ਨੇ ਸੜਕ ’ਤੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ। ਗਊ ਗਰਾਸ ਸੇਵਾ ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਕਿਹਾ ਕਿ ਗਮਾਡਾ ਵੱਲੋਂ ਜਾਣਬੁੱਝ ਕੇ ਕੰਧ ਤੋੜੀ ਗਈ ਹੈ। ਇੱਥੇ ਸਮਿਤੀ ਵੱਲੋਂ ਆਰਜ਼ੀ ਤੌਰ ’ਤੇ ਗਊ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿੱਥੇ ਬੀਮਾਰ ਅਤੇ ਜ਼ਖ਼ਮੀ ਪਸ਼ੂਆਂ ਦੀ ਸੇਵਾ ਕੀਤੀ ਜਾਂਦੀ ਹੈ ਪ੍ਰੰਤੂ ਗਮਾਡਾ ਨੇ ਅਚਾਨਕ ਕਾਰਵਾਈ ਕਰਦਿਆਂ ਹਸਪਤਾਲ ਦੀ ਕੰਧ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਗਮਾਡਾ ਨੇ ਬੀਮਾਰ ਗਊਆਂ ਨੂੰ ਹੋਰ ਕਿਧਰੇ ਤਬਦੀਲ ਕਰਨ ਦਾ ਵੀ ਸਮਾਂ ਨਹੀਂ ਦਿੱਤਾ। ਜਿਸ ਕਾਰਨ ਗਊ ਭਗਤਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ’ਤੇ ਧਾਰਮਿਕ ਸਥਾਨਾਂ ਦੇ ਨਾਮ ’ਤੇ ਸਰਕਾਰੀ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹੋਏ ਹਨ ਪ੍ਰੰਤੂ ਗਮਾਡਾ ਨੂੰ ਇਹ ਸ਼ਾਇਦ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲਾਂ ਸੜਕਾਂ ’ਤੇ ਲਾਵਾਰਿਸ ਬੀਮਾਰ ਗਊਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਊਆਂ ਦੀ ਸੇਵਾ ਕਰ ਰਹੇ ਵਿਅਕਤੀਆਂ ਨੂੰ ਬਿਨਾ ਵਜਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ। ਉਧਰ, ਦੂਜੇ ਪਾਸੇ ਸਰਕਾਰੀ ਥਾਂ ’ਤੇ ਕਥਿਤ ਨਾਜਾਇਜ਼ ਕਬਜਾ ਕਰਕੇ ਗਊ ਹਸਪਤਾਲ ਚਲਾਏ ਜਾਣ ਖ਼ਿਲਾਫ਼ ਸ਼ਿਕਾਇਤ ਦੇਣ ਵਾਲੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿੱਚ ਚਲ ਰਹੇ ਹਸਪਤਾਲ ਵਿਰੁੱਧ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਸੀ। ਜਿਸ ’ਤੇ ਕਾਰਵਾਈ ਕਰਦਿਆਂ ਈਓ ਹਾਊਸਿੰਗ ਨੂੰ ਬਣਦੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ ਪ੍ਰੰਤੂ ਅੱਜ ਗਮਾਡਾ ਦੀ ਟੀਮ ਮਹਿਜ਼ ਦਿਖਾਵਾ ਕਰਕੇ ਮੁੜ ਗਈ ਹੈ ਅਤੇ ਮਾਮਲੇ ਨੂੰ ਭੜਕਾ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਗਊ ਰੱਖਿਆ ਤੇ ਸੇਵਾ ਦੀ ਗੱਲ ਹੈ, ਉਹ ਇਸਦੇ ਹੱਕ ਵਿੱਚ ਹਨ ਅਤੇ ਉਨ੍ਹਾਂ ਨੇ 5100 ਰੁਪਏ ਦਾਨ ਵਿੱਚ ਦੇਣ ਦੀ ਪੇਸ਼ਕਸ਼ ਵੀ ਕੀਤੀ ਪ੍ਰੰਤੂ ਨਾਲ ਹੀ ਕਿਹਾ ਕਿ ਗਊ ਰੱਖਿਆ ਦੇ ਨਾਮ ’ਤੇ ਬਹੁ-ਕਰੋੜੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਅਤੇ ਗਮਾਡਾ ਨੂੰ ਸਰਕਾਰੀ ਥਾਵਾਂ ਤੋਂ ਤੁਰੰਤ ਨਾਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਗਊਸ਼ਾਲਾ ਵਿੱਚ ਗਊ ਹਸਪਤਾਲ ਲਈ ਥਾਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਸੇ ਦੇ ਦਬਾਓ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਸਰਕਾਰੀ ਥਾਂ ਨੂੰ ਤੁਰੰਤ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ