Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਦੇ 525 ਡੇਲੀਵੇਜ/ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਵਿਰੁੱਧ ਰੋਸ ਮੁਜ਼ਾਹਰਾ ਨਬਜ਼-ਏ-ਪੰਜਾਬ, ਮੁਹਾਲੀ, 21 ਦਸੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਨੇ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਉਨ੍ਹਾਂ ਨੂੰ ਰੈਗੂਲਰ ਨਾ ਕਰਨ ਵਿਰੁੱਧ ਅੱਜ ਸਮੂਹਿਕ ਛੁੱਟੀ ਲੈ ਕੇ ਬੋਰਡ ਮੈਨੇਜਮੈਂਟ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ 500 ਤੋਂ ਵੱਧ ਡੇਲੀਵੇਜ ਤੇ ਕੰਟਰੈਕਟ ਅਧਾਰ ’ਤੇ ਕੰਮ ਕਰਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਭਰਾਤਰੀ ਜਥੇਬੰਦੀਆਂ ਅਤੇ ਬੋਰਡ ਦੇ ਰੈਗੂਲਰ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਹੋਰ ਮੁਲਾਜ਼ਮ ਸਾਥੀਆਂ ਨੇ ਡੇਲੀਵੇਜ ਕਰਮਚਾਰੀ ਰੋਸ ਮੁਜ਼ਾਹਰੇ ਦੀ ਹਮਾਇਤ ਕਰਦਿਆਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਭਗਵੰਤ ਸਿੰਘ, ਰਾਜਪਾਲ ਕੌਰ, ਮਨਦੀਪ ਸਿੰਘ, ਕੰਟਰੈਕਟ ਕਰਮਚਾਰੀਆਂ ਦੇ ਆਗੂ ਗੁਰਦੀਪ ਸਿੰਘ ਪਨੇਸਰ ਨੇ ਕਿਹਾ ਕਿ ਸਿੱਖਿਆ ਬੋਰਡ ਵਿੱਚ 425 ਦੇ ਕਰੀਬ ਕਰਮਚਾਰੀ ਡੇਲੀਵੇਜ ਅਧਾਰ ਤੇ ਕੰਮ ਕਰਦੇ ਹਨ। ਇਸ ਤੋਂ ਇਲਾਵਾ 100 ਦੇ ਕਰੀਬ ਕਰਮਚਾਰੀ ਠੇਕੇ ਦੇ ਅਧਾਰ ’ਤੇ ਨਿਯੁਕਤ ਹਨ। ਇਨ੍ਹਾਂ ਕਰਮਚਾਰੀਆਂ ਦੀ ਨੌਕਰੀ 15 ਸਾਲਾਂ ਤੋਂ ਵਧੇਰੇ ਹੋ ਚੁੱਕੀ ਹੈ। ਪਰ ਬੋਰਡ ਮੈਨੇਜਮੈਂਟ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਆਨਾ-ਕਾਨੀ ਕਰ ਰਹੀਂ ਹੈ। ਪੰਜਾਬ ਸਰਕਾਰ ਵੱਲੋਂ 7.10.2022 ਨੂੰ ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਇਨ੍ਹਾਂ ਕਰਮਚਾਰੀਆਂ ਤੋਂ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਆਪਸ਼ਨ ਵੀ ਭਰਵਾਈ ਗਈ ਸੀ ਪਰ ਇਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬੋਰਡ ਵੱਲੋਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਕਮੇਟੀ ਪਿਛਲੇ 1 ਸਾਲ ਤੋਂ ਮੀਟਿੰਗਾਂ ਕਰਕੇ ਸਾਡਾ ਕੀਮਤੀ ਸਮਾਂ ਖ਼ਰਾਬ ਕਰ ਰਹੀ ਹੈ। ਇਹ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਾਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ ਬੋਰਡ ਦਫ਼ਤਰ ਵਿੱਚ ਆ ਕੇ ਡੇਲੀਵੇਜ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਿਸ਼ਵਾਸ ਦਵਾ ਕੇ ਗਏ ਸਨ। ਪਰ ਸਰਕਾਰ ਬਣਨ ਤੋਂ ਤਕਰੀਬਨ ਦੋ ਸਾਲ ਬਾਅਦ ਵੀ ਚੋਣਾਂ ਵਿੱਚ ਕੀਤੇ ਵਾਅਦੇ ਜਿਉਂ ਦੇ ਤਿਉਂ ਹਨ। ਇਸ ਕਾਰਨ ਡੇਲੀਵੇਜ ਕਰਮਚਾਰੀਆਂ ਵਿੱਚ ਭਾਰੀ ਗੁੱਸਾ ਹੈ ਤੇ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ ਤੇ ਗੁੱਸਾ ਸੜਕ ਤੇ ਆ ਗਿਆ ਹੈ। ਰੈਗੂਨਰ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਰਾਣੂ ਗਰੁੱਪ ਦੇ ਆਗੂ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਸੁਨੀਲ ਅਰੋੜਾ, ਰਮਨਦੀਪ ਕੌਰ ਗਿੱਲ, ਪ੍ਰਭਦੀਪ ਸਿੰਘ ਬੋਪਾਰਾਏ ਅਤੇ ਪਰਮਜੀਤ ਸਿੰਘ ਬੈਨੀਪਾਲ, ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਡੇਲੀਵੇਜ ਕਰਮਚਾਰੀਆਂ ਦਾ ਸਾਡੀ ਜਥੇਬੰਦੀ ਸ਼ੋਸ਼ਣ ਨਹੀਂ ਕਰਨ ਦੇਵੇਗੀ ਅਤੇ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਾਥ ਦੇਵੇਗੀ। ਭਰਾਤਰੀ ਜਥੇਬੰਦੀਆਂ ਦੇ ਆਗੂ ਹਰਕੇਸ਼ ਕੁਮਾਰ ਰਾਣਾ, ਬਲਵੰਤ ਸਿੰਘ, ਰਣਜੋਧ ਸਿੰਘ, ਦੀਪਾ ਰਾਮ, ਮਨੋਹਰ ਸਿੰਘ, ਬੋਰਡ ਕਾਰਪੋਰੇਸ਼ਨ ਕਰਮਚਾਰੀ ਮਹਾਸੰਘ ਦੇ ਪ੍ਰਧਾਨ ਤਾਰਾ ਸਿੰਘ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਇਹ ਸ਼ੋਸ਼ਣ ਬਰਦਾਸ਼ਤ ਨਹੀਂ ਕਰਾਂਗੇ ਅਤੇ ਬੋਰਡ ਕਾਰਪੋਰੇਸ਼ਨ ਮਹਾਸੰਘ ਦੀਆਂ ਸਾਰੀਆਂ ਜਥੇਬੰਦੀਆਂ ਮਿਲ ਕੇ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਇੱਕ ਵੱਡਾ ਮੋਰਚਾ ਖੋਲ੍ਹਿਆ ਜਾਵੇਗਾ। ਬਜ਼ੁਰਗ ਟਰੇਡ ਯੂਨੀਅਨ ਆਗੂ ਸਾਥੀ ਚੰਦਰ ਸ਼ੇਖਰ ਜਨਰਲ ਸਕੱਤਰ ਸੀਟੂ ਪੰਜਾਬ ਅਤੇ ਬੋਰਡ ਦੀ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਰਣਜੀਤ ਸਿੰਘ ਮਾਨ, ਬੋਰਡ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਬਦਲਾਅ ਦੇ ਨਾਂ ਤੇ ਆਈ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮਜ਼ਦੂਰ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀਂ ਹੈ। ਸਾਥੀ ਚੰਦਰ ਸ਼ੇਖਰ ਨੇ ਆਪਣੇ ਸੰਬੋਧਨ ਵਿਚ ਡੇਲੀਵੇਜ ਕਰਮਚਾਰੀਆਂ ਦੇ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਕਿਵੇਂ ਬੋਰਡ ਮੈਨੇਜਮੈਂਟ ਡੇਲੀਵੇਜ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਘੱਟੋ-ਘੱਟ ਦਿਹਾੜੀ ਤੋਂ ਵੀ ਘੱਟ ਉਜਰਤ ਦੇ ਰਹੀ ਹੈ। ਰੈਲੀ ਦੇ ਅੰਤ ਵਿੱਚ ਐਮਐਲਏ ਕੁਲਵੰਤ ਸਿੰਘ ਨੇ ਰੈਲੀ ਵਿੱਚ ਆ ਕੇ ਮੁਲਾਜ਼ਮਾਂ ਤੋਂ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਨਿੱਜੀ ਤੌਰ ’ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਇਸ ਦਾ ਹੱਲ ਕਰਵਾਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ