ਪਿੰਡ ਦਾਊਂ ਨੇੜੇ ਪੁਲੀਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਦੋ ਗੈਂਗਸਟਰ ਕਾਬੂ

ਨਬਜ਼-ਏ-ਪੰਜਾਬ, ਮੁਹਾਲੀ, 21 ਦਸੰਬਰ:
ਮੁਹਾਲੀ ਖਰੜ ਨੈਸ਼ਨਲ ਹਾਈਵੇਅ-21 ’ਤੇ ਸਥਿਤ ਇਤਿਹਾਸਕ ਪਿੰਡ ਦਾਊਂ ਤੋਂ ਹੋਰਨਾਂ ਪਿੰਡਾਂ ਵੱਲ ਜਾਂਦੀ ਸੜਕ ਕਿਨਾਰੇ (ਕਬਰਿਸਤਾਨ ਨੇੜੇ) ਮੁਹਾਲੀ ਪੁਲੀਸ ਨਾਲ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ। ਗੋਲੀਬਾਰੀ ਤੋਂ ਬਾਅਦ ਜ਼ਖ਼ਮੀ ਹੋਏ ਦੋ ਗੈਂਗਸਟਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮਾਂ ਦੀ ਪਛਾਣ ਬ੍ਰਿਜ ਕੁਮਾਰ ਉਰਫ਼ ਬਿਰਜੂ ਅਤੇ ਪਰਦੀਪ ਕੁਮਾਰ ਉਰਫ਼ ਸ਼ੈਂਟੀ ਦੋਵੇਂ ਵਾਸੀ ਨਾਰਾਇਣਗੜ੍ਹ (ਹਰਿਆਣਾ) ਵਜੋਂ ਹੋਈ ਹੈ। ਇਸ ਕਾਰਵਾਈ ਨੂੰ ਮੁਹਾਲੀ ਦੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮਾਂ ਵੱਲੋਂ ਅੰਜਾਮ ਦਿੱਤਾ ਗਿਆ।
ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਇਹ ਦੋਵੇਂ ਵਿਅਕਤੀ ਬੀਤੇ ਦਿਨੀਂ ਕੁਰਾਲੀ ਦੇ ਸਿਆਸੀ ਆਗੂ ਕਮਲਜੀਤ ਸਿੰਘ ਚਾਵਲਾ ਦੇ ਘਰ ਗੋਲੀ ਚਲਾਉਣ ਅਤੇ ਧਮਕੀ ਭਰਿਆ ਪੱਤਰ ਸੁੱਟਣ ਦੇ ਮਾਮਲੇ ਵਿੱਚ ਲੋੜੀਂਦੇ ਸਨ। ਸੀਸੀਟੀਵੀ ਕੈਮਰੇ ਵਿੱਚ ਇਨ੍ਹਾਂ ਦੋਵੇਂ ਮੁਲਜ਼ਮਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਦੀ ਪਛਾਣ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਗੈਂਗਸਟਰ ਲੱਕੀ ਪਟਿਆਲ ਗਰੋਹ ਦੇ ਸਰਗਰਮ ਮੈਂਬਰ ਹਨ, ਜੋ ਇਸ ਵੇਲੇ ਗੈਂਗਸਟਰ ਪ੍ਰਿੰਸ ਚੌਹਾਨ ਲਈ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਅੱਜ ਵੀ ਇਹ ਦੋਵੇਂ ਇੱਕ ਪ੍ਰਾਪਰਟੀ ਡੀਲਰ ਦੇ ਟਿਕਾਣੇ ’ਤੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਸੂਹ ਮਿਲਣ ’ਤੇ ਪੁਲੀਸ ਵੱਲੋਂ ਬਲੌਂਗੀ ਥਾਣੇ ਅਧੀਨ ਆਉਂਦੇ ਪਿੰਡ ਦਾਊਂ ਨੇੜੇ ਇਨ੍ਹਾਂ ਦੀ ਘੇਰਾਬੰਦੀ ਕੀਤੀ ਗਈ ਅਤੇ ਜਦੋਂ ਮੋਟਰ ਸਾਈਕਲ ’ਤੇ ਜਾਂਦਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਆਪਣਾ ਮੋਟਰ ਸਾਈਕਲ ਪੁਲੀਸ ਦੀ ਗੱਡੀ ਵਿੱਚ ਮਾਰਿਆਂ ਅਤੇ ਹੇਠਾਂ ਡਿੱਗਣ ’ਤੇ ਪੁਲੀਸ ਉੱਤੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇਹ ਦੋਵੇਂ ਜ਼ਖ਼ਮੀ ਹੋ ਗਏ ਅਤੇ ਪੁਲੀਸ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…