Nabaz-e-punjab.com

ਨਿਜ਼ਾਮੂਦੀਨ ਜਮਾਤ: ਦਰਜਨ ਮੁਸਲਿਮ ਵਿਅਕਤੀਆਂ ਦੀ ਰਿਪੋਰਟ ਵੀ ਨੈਗੇਟਿਵ

ਮੌਲੀ ਬੈਦਵਾਨ ਦੇ ਪੀੜਤ ਰਜਾਕ ਮੁਹੰਮਦ ਦੀ ਪਤਨੀ ਦੀ ਰਿਪੋਰਟ ਆਉਣੀ ਹਾਲੇ ਬਾਕੀ: ਨੋਡਲ ਅਫ਼ਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਮੁਹਾਲੀ ਵਿੱਚ ਐਤਵਾਰ ਨੂੰ ਕਰੀਬ ਦਰਜਨ ਮੁਸਲਿਮ ਵਿਅਕਤੀਆਂ ਦੇ ਖੂਨ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਇਲਾਕੇ ਦੇ ਲੋਕਾਂ ਦੇ ਮਨਾਂ ’ਚੋਂ ਕਰੋਨਾ ਦਾ ਡਰ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋਣ ਵਾਲੇ ਕਾਫੀ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਪਾਏ ਜਾਣ ਦੀ ਖ਼ਬਰ ਸੁਣ ਕੇ ਮੁਹਾਲੀ ਸਮੇਤ ਹੋਰਨਾਂ ਇਲਾਕਿਆਂ ਵਿੱਚ ਲੋਕ ਕਾਫੀ ਭੈਅ-ਭੀਤ ਹੋ ਗਏ ਸੀ। ਇਹ ਵਿਅਕਤੀ ਨਿਜ਼ਾਮੂਦੀਨ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਣ ਗਏ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਦੱਸੇ ਗਏ ਸਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਜਿਨ੍ਹਾਂ ਦਰਜਨ ਭਰ ਮੁਸਲਿਮ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ, ਉਨ੍ਹਾਂ ਦੀ ਜਾਂਚ ਰਿਪੋਰਟ ਆ ਗਈ ਹੈ ਅਤੇ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਸਾਰੇ ਵਿਅਕਤੀ ਸਰਕਾਰੀ ਹਸਪਤਾਲ ਢਕੌਲੀ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸਨ। ਇਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪ੍ਰੰਤੂ ਸਾਵਧਾਨੀ ਵਜੋਂ ਇਨ੍ਹਾਂ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ।
ਨੋਡਲ ਅਫ਼ਸਰ ਨੇ ਦੱਸਿਆ ਕਿ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋਣ ਗਏ ਪੀੜਤ ਗੁਲਜ਼ਾਰ ਖਾਨ ਵਾਸੀ ਪਿੰਡ ਕੁੰਭੜਾ (ਸੈਕਟਰ-68) ਅਤੇ ਰਜਾਕ ਮੁਹੰਮਦ ਉਰਫ਼ ਰਾਜੂ ਵਾਸੀ ਮੌਲੀ ਬੈਦਵਾਨ ਦੀ ਹਾਲਤ ਬਿਲਕੁਲ ਠੀਕ ਹੈ। ਉਂਜ ਉਨ੍ਹਾਂ ਦੱਸਿਆ ਕਿ ਰਜਾਕ ਮੁਹੰਮਦ ਦੀ ਪਤਨੀ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਸ ਨੂੰ ਵੀ ਆਪਣੇ ਘਰ ਆਈਸੋਲੇਟ ਕੀਤਾ ਗਿਆ ਹੈ। ਕਰੋਨਾ ਪੀੜਤ ਅੰਬਾਲਾ ਦੇ ਵਸਨੀਕ ਸਲੀਮ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਉਹ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਹ ਵਿਅਕਤੀ ਪਿਛਲੇ ਦਿਨੀਂ ਪਿੰਡ ਆਲਮਗੀਰ (ਡੇਰਾਬੱਸੀ) ਵਿੱਚ ਇਕ ਪਰਿਵਾਰ ਨੂੰ ਮਿਲਣ ਆਇਆ ਸੀ। ਇਸ ਦੌਰਾਨ ਪਿੰਡ ਦੇ ਕਈ ਹੋਰ ਵਿਅਕਤੀ ਵੀ ਉਸ ਦੇ ਸੰਪਰਕ ਵਿੱਚ ਆਏ ਹਨ। ਆਲਮਗੀਰ ਦੇ 70 ਪਰਿਵਾਰਾਂ ਸਮੇਤ ਹੋਰਨਾਂ ਵਿਅਕਤੀਆਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਇਕਾਂਤਵਾਸ ਦੇ ਹੁਕਮ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…