ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਹਿਤਕਾਰ ਅਧਿਆਪਕਾਂ ਨਾਲ ਕੀਤੀ ਮੀਟਿੰਗ
ਸਾਹਿਤ, ਕਲਾ ਅਤੇ ਸਭਿਆਚਾਰ ਸਕੂਲੀ ਸਿੱਖਿਆ ਦੇ ਅਹਿਮ ਅੰਗ: ਕ੍ਰਿਸ਼ਨ ਕੁਮਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਭਗਤੀ ਅਤੇ ਸਾਹਿਤ ਦੀਆਂ ਕਿਤਾਬਾਂ ਅਤੇ ਅਖ਼ਬਾਰ ਪੜ੍ਹਨ ਲਈ ਵੀ ਪ੍ਰੇਰਿਆ ਜਾਵੇ। ਉਹ ਅੱਜ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਾਹਿਤਕਾਰ ਤੇ ਕਲਾਕਾਰ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਪੱਖੀ-ਪ੍ਰਤਿਭਾ ਦੇ ਮਾਲਕ ਹਨ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਹਿਤ ਅਤੇ ਸਭਿਆਚਾਰ ਸਿੱਖਿਆ ਦੇ ਅਹਿਮ ਅੰਗ ਹਨ। ਉਸਾਰੂ ਸਾਹਿਤ ਅਤੇ ਸਭਿਆਚਾਰ ਸਿੱਖਿਆ ਦੇ ਮੁੱਖ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਿੱਖਿਆ ਵਿਭਾਗ ਬੜਾ ਸੁਭਾਗਾ ਹੈ ਜੋ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਵਾਲੇ ਅਧਿਆਪਕ ਵਿਭਾਗ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਿਰਜਣਾਤਮਿਕ ਰੁਚੀਆਂ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਸਾਹਿਤ ਅਤੇ ਕਲਾ ਦੀ ਚਿਣਗ ਜਗਾਉਣ ਦੇ ਨਾਲ਼-ਨਾਲ਼ ਆਪਣੀਆਂ ਸਾਹਿਤਕ ਵਿਧਾਵਾਂ ਅਤੇ ਕਲਾਵਾਂ ਰਾਹੀਂ ਵਿਭਾਗ ਦੀਆਂ ਮੁਹਿੰਮਾਂ ਅਤੇ ਪ੍ਰਾਪਤੀਆਂ ਵੱਖ-ਵੱਖ ਅਖ਼ਬਾਰਾਂ ਅਤੇ ਪੱਤ੍ਰਿਕਾਵਾਂ ਵਿੱਚ ਲੇਖਾਂ, ਕਵਿਤਾਵਾਂ, ਕਹਾਣੀਆਂ, ਨਾਟਕਾਂ, ਗੀਤਾਂ ਅਤੇ ਹੋਰ ਕਲਾਤਮਿਕ ਵਿਧਾਵਾਂ ਦੇ ਰੂਪ ਵਿੱਚ ਸਮਾਜ ਅੰਦਰ ਰੂਪਮਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਹਿਤਕਾਰਾਂ ਅਤੇ ਕਲਾਕਾਰ ਅਧਿਆਪਕਾਂ ਦੇ ਕੋਲ ਸਾਰਾ ਦਿਨ ਵਿਦਿਆਰਥੀ ਰਹਿੰਦੇ ਹਨ। ਜਿਸ ਨਾਲ ਵਿਦਿਆਰਥੀ ਵੀ ਸਾਹਿਤ ਅਤੇ ਕਲਾ ਦੇ ਧਨੀ ਬਣ ਜਾਂਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਆਪੋ-ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਬਣਾਉਣ, ਆਪਣੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਬੈੱਸਟ ਪੈ੍ਰਕਟਿਸ ਨੂੰ ਸਾਹਿਤਕਾਰਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਸੋਸ਼ਲ ਮੀਡੀਆ ਰਾਹੀਂ ਗਰੁੱਪ ਬਣਾ ਕੇ ਸਮਾਜ ਵਿੱਚ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਪੱਖੋਂ ਭਰਪੂਰ ਬਣਾਉਣ ਲਈ ਵਿਦਿਆਰਥੀਆਂ ਨੂੰ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਲਈ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਵਿੱਚ ਵਿਭਾਗ ਵਿੱਚ ਕੰਮ ਕਰਦੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਦੀ ਸਿਰਜਣਾਤਮਿਕ ਮਿਲਣੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮੰਤਵ ਇਨ੍ਹਾਂ ਅਧਿਆਪਕਾਂ ਦੀਆਂ ਕਲਾਤਮਿਕ ਅਤੇ ਸਿਰਜਣਾਤਮਿਕ ਰੁਚੀਆਂ ਰਾਹੀਂ ਵਿਦਿਆਰਥੀਆਂ ਵਿੱਚ ਵੀ ਇਨ੍ਹਾਂ ਗੁਣਾਂ ਦਾ ਸੰਚਾਰ ਕਰਨਾ ਹੈ।
ਮੀਟਿੰਗ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਅਤੇ ਉਨ੍ਹਾਂ ਦੁਆਰਾ ਪੜ੍ਹੀਆਂ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਅਤੇ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਸਿਰਜਣਾਤਮਿਕ ਅਤੇ ਕਲਾਤਮਿਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਰੁਚੀਆਂ ਨੂੰ ਸਕੂਲਾਂ ਵਿੱਚ ਕੰਧ ਪੱਤ੍ਰਿਕਾ ਸ਼ੁਰੂ ਕਰਨ, ਨਵੀਆਂ ਕਿਤਾਬਾਂ ਦੀ ਸੂਚੀ ਹਰ ਹਫ਼ਤੇ ਬੋਰਡ ’ਤੇ ਲਗਾਉਣ, ਵਿਦਿਆਰਥੀਆਂ ਨੂੰ ਰੋਜ਼ਾਨਾ ਅਖ਼ਬਾਰਾਂ ਅਤੇ ਮੈਗਜ਼ੀਨਾਂ ਪੜ੍ਹਨ ਅਤੇ ਆਪਣੀਆਂ ਰਚਨਾਵਾਂ ਭੇਜਣ, ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਨਿਖਾਰਨ ਲਈ ਵਰਕਸ਼ਾਪਾਂ ਲਗਾਉਣ, ਵਿਦਿਆਰਥੀਆਂ ਅੰਦਰਲੀ ਕਲਾ ਨੂੰ ਨਿਖਾਰਨ ਲਈ ਵੱਖ-ਵੱਖ ਕਲਾਵਾਂ ਅਨੁਸਾਰ ਟੀਮਾਂ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਗਿਆ। ਮੀਟਿੰਗ ਵਿੱਚ ਸਹਾਇਕ ਡਾਇਰੈਕਟਰ (ਟਰੇਨਿੰਗ) ਡਾ. ਜਰਨੈਲ ਸਿੰਘ ਕਾਲੇਕੇ ਅਤੇ ਮਿਲਣੀ ਵਿੱਚ ਪਹੁੰਚੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨੇ ਆਪਣੀਆਂ ਸਾਹਿਤਕ ਕਲਾਵਾਂ ਰਾਹੀਂ ਸਰੋਤਿਆਂ ਦਾ ਮਨ ਮੋਹਿਆ।