Nabaz-e-punjab.com

ਹੁੱਲੜਬਾਜ਼ੀ ਮਾਮਲੇ ਵਿੱਚ ਤਿੰਨ ਪੰਜਾਬੀ ਗਾਇਕਾਂ ਨੂੰ ਇਕ ਦਿਨ ਲਈ ਜੇਲ੍ਹ ਭੇਜਿਆ

ਗਾਇਕਾਂ ਨੇ ਮੈਜਿਸਟਰੇਟ ਅੱਗੇ ਰੱਖਿਆ ਪੱਖ, ਕਿਹਾ ਹੁੱਲੜਬਾਜ਼ੀ ਨਹੀਂ ਰੂਮ ਵਿੱਚ ਕਰ ਰਹੇ ਸੀ ਰਿਆਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਇੱਥੋਂ ਦੇ ਪੂਰਬ ਅਪਾਰਟਮੈਂਟ ਵਿੱਚ ਬੀਤੀ ਦੇਰ ਸ਼ਾਮ ਹੁੱਲੜਬਾਜ਼ੀ ਕਰਨ ਅਤੇ ਸਕਿਉਰਿਟੀ ਸੁਪਰਵਾਈਜ਼ਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਪੰਜਾਬੀ ਗਾਇਕ ਗਗਨਦੀਪ ਸਿੰਘ ਰੰਧਾਵਾ ਉਰਫ਼ ਪ੍ਰਿੰਸ ਰੰਧਾਵਾ, ਰਮਨਦੀਪ ਸਿੰਘ ਉਰਫ਼ ਰੰਮੀ ਰੰਧਾਵਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਰੀ ਨੂੰ ਅੱਜ ਮੁਹਾਲੀ ਦੇ ਸਬ ਡਵੀਜ਼ਨਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਸਕਿਉਰਿਟੀ ਸੁਪਰਵਾਈਜ਼ਰ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਉਕਤ ਗਾਇਕਾਂ ਦੇ ਖ਼ਿਲਾਫ਼ 107\51 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਦੋ ਗਾਇਕ ਪ੍ਰਿੰਸ ਰੰਧਾਵਾ ਤੇ ਰੰਮੀ ਰੰਧਾਵਾ, ਗਾਇਕ ਐਲੀ ਮਾਂਗਟ ਕੇਸ ਵਿੱਚ ਵੀ ਨਾਮਜ਼ਦ ਹਨ ਅਤੇ ਇਹ ਮਾਮਲਾ ਮੁਹਾਲੀ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਮੈਜਿਸਟਰੇਟ ਨੂੰ ਦੱਸਿਆ ਕਿ ਇਨ੍ਹਾਂ ਗਾਇਕਾਂ ਦੀਆਂ ਵਧੀਕੀਆਂ ਤੋਂ ਮੈਗਾ ਹਾਊਸਿੰਗ ਕੰਪਲੈਕਸ ਵਾਲੇ ਕਾਫੀ ਤੰਗ ਪ੍ਰੇਸ਼ਾਨ ਹਨ। ਬੀਤੀ ਸ਼ਾਮ ਵੀ ਇਹ ਆਪਣੇ ਕਮਰੇ ਵਿੱਚ ਖਾਰੂ ਪਾ ਰਹੇ ਸੀ ਤਾਂ ਉੱਥੇ ਰਹਿੰਦੀ ਇਕ ਅੌਰਤ ਨੇ ਸੁਰੱਖਿਆ ਗਾਰਡ ਨੂੰ ਸ਼ਿਕਾਇਤ ਕੀਤੀ ਸੀ। ਜਿਵੇਂ ਹੀ ਸਕਿਉਰਿਟੀ ਸੁਪਰਵਾਈਜ਼ਰ ਹਰਨੇਕ ਸਿੰਘ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਗੱਲ ਪੈ ਗਏ।
ਉਧਰ, ਪੰਜਾਬੀ ਗਾਇਕ ਪ੍ਰਿੰਸ ਰੰਧਾਵਾ, ਰੰਮੀ ਰੰਧਾਵਾ ਅਤੇ ਉਨ੍ਹਾਂ ਦੇ ਸਾਥੀ ਹਰਪ੍ਰੀਤ ਹੈਰੀ ਨੇ ਐਸਡੀਐਮ ਕੋਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਲੰਘੀ ਰਾਤ ਉਹ ਹੁੱਲੜਬਾਜ਼ੀ ਨਹੀਂ ਕਰ ਰਹੇ ਸੀ ਸਗੋਂ ਯੋਧਿਆਂ ਦੀਆਂ ਵਾਰਾਂ ਗਾਉਣ ਲਈ ਉੱਚੇ ਸੁਰ ਵਿੱਚ ਰਿਆਜ਼ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਕੁਝ ਹੋਰ ਲੋਕ ਉਨ੍ਹਾਂ ਨੂੰ ਉੱਥੋਂ ਖਦੇੜਨਾ ਚਾਹੁੰਦੇ ਹਨ। ਗਾਇਕਾਂ ਨੇ ਆਪਣੀ ਜ਼ਮਾਨਤ ਲਈ ਦੋ ਮੋਟਰ ਸਾਈਕਲਾਂ ਸਮੇਤ ਇਕ ਲਗਜ਼ਰੀ ਕਾਰ ਦੇ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ। ਐਸਡੀਐਮ ਜਗਦੀਪ ਸਹਿਗਲ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨਾਂ ਨੂੰ ਇਕ ਦਿਨ ਲਈ ਰੂਪਨਗਰ ਜੇਲ੍ਹ ਵਿੱਚ ਭੇਜ ਦਿੱਤਾ। ਗਾਇਕਾਂ ਨੂੰ ਭਲਕੇ ਵੀਰਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸਡੀਐਮ ਨੇ ਕਿਹਾ ਕਿ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਉਧਰ, ਪੁਲੀਸ ਸੂਤਰਾਂ ਅਨੁਸਾਰ ਗਾਇਕਾਂ ਦੀ ਜ਼ਮਾਨਤ ਲਈ ਜਿਹੜੀ ਕਾਰ ਦੇ ਦਸਤਾਵੇਜ਼ ਲਗਾਏ ਗਏ ਹਨ। ਸਬੰਧਤ ਕਾਰ ’ਤੇ ਲੋਨ ਖੜਾ ਹੈ। ਐਸਡੀਐਮ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਪੂਰਬ ਅਪਾਰਟਮੈਂਟ ਵਿੱਚ ਪੁਲੀਸ ਗਸ਼ਤ ਤੇਜ ਕੀਤੀ ਜਾਵੇ ਅਤੇ ਉੱਥੇ ਰਹਿੰਦੇ ਲੋਕਾਂ ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਰਜਿਸਟਰਡ ਕਰਵਾਈ ਜਾਵੇ ਕਿਉਂਕਿ ਹੁਣ ਤੱਕ ਪੂਰਬ ਅਪਾਰਟਮੈਂਟ ਵਿੱਚ ਲੜਾਈ ਝਗੜੇ ਅਤੇ ਹੁੱਲੜਬਾਜ਼ੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਪੁਲੀਸ ਨੂੰ ਉੱਥੇ ਰਹਿੰਦੇ ਕਿਰਾਏਦਾਰਾਂ ਦੀ ਵੀ ਵੈਰੀਫਿਕੇਸ਼ਨ ਕਰਨ ਦੇ ਆਦੇਸ਼ ਦਿੱਤੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…