Nabaz-e-punjab.com

ਡੀਸੀ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿਕਰੀ ’ਤੇ ਮੁਕੰਮਲ ਰੋਕ

ਲਾਇਸੈਂਸ ਲਈ ਮੁਹਾਲੀ ਪ੍ਰਸ਼ਾਸਨ ਕੋਲ 7 ਤੋਂ 11 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਦੀਵਾਲੀ ਅਤੇ ਪ੍ਰਕਾਸ਼ ਪੁਰਬ ਦੇ ਮੌਕੇ ਨਿਰਧਾਰਿਤ ਸਮੇਂ ’ਤੇ ਹੀ ਪਟਾਕੇ ਚਲਾਉਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਸ਼ਾਮ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਹੱਦ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿਕਰੀ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਾਕੇ ਵੇਚਣ ਦੇ ਆਰਜ਼ੀ ਲਾਇਸੈਂਸ ਲੈਣ ਲਈ ਜ਼ਿਲ੍ਹੇ ਨਾਲ ਸਬੰਧਤ ਚਾਹਵਾਨ ਆਪਣੀਆਂ ਅਰਜ਼ੀਆਂ 7 ਤੋਂ 11 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਦੇ ਸਕਦੇ ਹਨ। ਦਰਖਾਸਤ ਦੇ ਨਾਲ ਆਧਾਰ ਕਾਰਡ/ਰਿਹਾਇਸ਼ੀ ਸਬੂਤ ਦੀ ਕਾਪੀ ਸ਼ਾਮਲ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਪੀਐਲਏ ਸ਼ਾਖਾ, ਕਮਰਾ ਨੰਬਰ-311, ਦੂਜੀ ਮੰਜ਼ਲ ’ਤੇ ਜਮ੍ਹਾਂ ਕਰਵਾ ਸਕਦੇ ਹਨ। ਡੀਸੀ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ’ਚੋਂ ਡਰਾਅ 16 ਅਕਤੂਬਰ ਨੂੰ ਬਾਅਦ ਦੁਪਹਿਰ 2.30 ਵਜੇ ਡਿਪਟੀ ਕਮਿਸ਼ਨਰ ਵੱਲੋਂ ਕਾਇਮ ਕੀਤੀ ਕਮੇਟੀ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ, ਜਿਸ ਦੀ ਫ਼ੋਟੋਗਰਾਫੀ/ਵੀਡੀਓਗ੍ਰਾਫੀ ਕਰਵਾਈ ਜਾਵੇਗੀ।
ਉਧਰ, ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦਿਆਂ ਹੁਕਮ ਦਿੱਤੇ ਹਨ ਕਿ 27 ਅਕਤੂਬਰ ਨੂੰ ਸ਼ਾਮ 8 ਵਜੇ ਤੋਂ 10 ਵਜੇ ਤੱਕ ਅਤੇ 12 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਦੇਰ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਆਵਾਜ਼ ਅੰਦਰ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਪਟਾਕੇ ਨਹੀਂ ਚਲਾ ਸਕੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਪਟਾਕਿਆਂ ਦੀ ਸਟੋਰੇਜ਼ ਨਹੀਂ ਕਰੇਗਾ ਅਤੇ ਨਾ ਹੀ ਬਿਨਾਂ ਲਾਇਸੈਂਸ ਤੋਂ ਵਿਕਰੀ ਕਰੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਚੀਨੀ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਵੀ ਨਹੀਂ ਕਰੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੀ ਵੈੱਬਸਾਈਟ www.sasnagar.nic.in ਉੱਤੇ ਵੇਖੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…