Nabaz-e-punjab.com

ਤਰਨ ਤਾਰਨ ਬੰਬ ਧਮਾਕਾ: ਐਨਆਈਏ ਅਦਾਲਤ ਵੱਲੋਂ 3 ਮੁਲਜ਼ਮਾਂ ਦਾ ਸੱਤ ਰੋਜ਼ਾ ਪੁਲੀਸ ਰਿਮਾਂਡ

5 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ 31 ਅਕਤੂਬਰ ਤੱਕ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਵਿੱਚ ਬੀਤੀ 5 ਸਤੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਅੱਠ ਮੁਲਜ਼ਮਾਂ ਮਨਦੀਪ ਸਿੰਘ ਉਰਫ਼ ਮੱਸਾ ਸਿੰਘ, ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ, ਹਰਜੀਤ ਸਿੰਘ, ਚੰਨਦੀਪ ਸਿੰਘ ਖਾਲਸਾ ਉਰਫ਼ ਗੱਬਰ ਸਿੰਘ, ਮਲਕੀਤ ਸਿੰਘ ਉਰਫ਼ ਸ਼ੇਰਾ, ਅਮਰਜੀਤ ਸਿੰਘ ਉਰਫ਼ ਅਮਰ, ਮਨਪ੍ਰੀਤ ਸਿੰਘ ਮਾਨ ਅਤੇ ਗੁਰਜੰਟ ਸਿੰਘ ਨੂੰ ਅੱਜ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨ ਮੁਲਜ਼ਮਾਂ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਕੀ 5 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ।
ਮੁੱਢਲੀ ਜਾਂਚ ਤੋਂ ਇਹ ਪਤਾ ਲਗਦਾ ਹੈ ਕਿ ਉਕਤ ਗਰੋਹ ਦੇ ਮੈਂਬਰਾਂ ਦੇ ਪਾਕਿਸਤਾਨ ਅਤੇ ਐਸਐਫ਼ਜੇ ਨਾਲ ਗੂੜੇ ਰਿਸ਼ਤੇ ਸਨ। ਚੰਨਦੀਪ ਸਿੰਘ ਪਾਕਿਸਤਾਨ ਦੇ ਉਸਮਾਨ ਦੇ ਲਗਾਤਾਰ ਸੰਪਰਕ ਵਿੱਚ ਦੱਸਿਆ ਗਿਆ ਹੈ। ਜਿਸ ਨੂੰ ਉਹ ਪਿਛਲੇ ਸਾਲ 2018 ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ। ਉਸਮਾਨ ਚੰਨਦੀਪ ਨੂੰ ਖਾਲਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਕਸ਼ਮੀਰ ਧਾਰਾ 370 ਹਟਾਏ ਜਾਣ ਸਬੰਧੀ ਸੁਨੇਹਾ ਭੇਜਦਾ ਰਹਿੰਦਾ ਸੀ ਅਤੇ ਚੰਨਦੀਪ ਨੂੰ ਕਸ਼ਮੀਰੀ ਜਿਹਾਦੀਆਂ ਨਾਲ ਰਲਕੇ ਇਕ ਵੱਖਰਾ ਮੁਲਕ ਖ਼ਾਲਿਸਤਾਨ ਸਥਾਪਿਤ ਕਰਨ ਲਈ ਪ੍ਰੇਰਦਾ ਸੀ। ਚੰਨਦੀਪ ਦੀ ਕੰਟੈਕਟ ਲਿਸਟ ’ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਲੇਕਿਨ ਬੰਬ ਧਮਾਕੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਦੀ ਇਹ ਯੋਜਨਾ ਠੁੱਸ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਗੁਰਜੰਟ ਸਿੰਘ ਅਤੇ ਹਰਜੀਤ ਸਿੰਘ ਨੇ ਆਪਣੇ ਸਾਥੀ ਬਿਕਰਮ ਸਿੰਘ ਉਰਫ਼ ਵਿੱਕੀ ਗਿੱਲ ਨਾਲ ਮਿਲ ਕੇ 3 ਜਨਵਰੀ 2019 ਨੂੰ ਤਰਨਤਾਰਨ ਦੇ ਪਿੰਡ ਬਚੇਰੇ ਵਿੱਚ ਨਵੇਂ ਚੁਣੇ ਗਏ ਸਰਪੰਚ ਗੁਰਜੰਟ ਸਿੰਘ ਦੇ ਘਰ ’ਤੇ ਚਾਰ ਦੇਸੀ ਬੰਬ ਸੁੱਟੇ ਸੀ। ਇਸ ਹਮਲੇ ਵਿੱਚ 3 ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵਿੱਕੀ ਗਿੱਲ ਅਤੇ ਗੁਰਜੰਟ ਸਿੰਘ ਨੇ 25 ਮਈ 2016 ਨੂੰ ਰਈਆ-ਬਿਆਸ ਨੇੜੇ ਇਕ ਸੁੰਨਸਾਨ ਸੰਪਰਕ ਸੜਕ ’ਤੇ ਵੀ ਦੇਸੀ ਬੰਬ ਚਲਾਇਆ।
ਐਨਆਈਏ ਦੀ ਜਾਂਚ ਟੀਮ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਤੋਂ ਬੰਬ ਧਮਾਕੇ ਦੀ ਸਾਜ਼ਿਸ਼ ਬਾਰੇ ਪਤਾ ਕਰਨਾ ਹੈ ਅਤੇ ਇਹ ਪਤਾ ਲਗਾਉਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ ਅਤੇ ਫਰਾਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਬਾਰੇ ਜਾਣਕਾਰੀ ਹਾਸਲ ਕਰਨੀ ਹੈ। ਪੰਜਾਬ ਸਰਕਾਰ ਅਤੇ ਜਾਂਚ ਏਜੰਸੀ ਨੇ ਮੁਲਜ਼ਮਾਂ ਦੇ ਪਾਕਿਸਤਾਨ ਆਧਾਰਿਤ ਸਿੱਖ ਫਾਰ ਜਸਟਿਸ (ਐਸਐਫ਼ਜੇ) ਸਮੇਤ ਹੋਰ ਕੌਮੀ ਅਤੇ ਕੌਮਾਂਤਰੀ ਏਜੰਸੀਆਂ ਨਾਲ ਸਬੰਧ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਜਾਣਕਾਰੀ ਅਨੁਸਾਰ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ’ਤੇ ਕੇਂਦਰ ਸਰਕਾਰ ਵੱਲੋਂ ਦਹਿਸ਼ਤੀ ਹਮਲੇ ਦੇ 15 ਦਿਨਾਂ ਬਾਅਦ ਬੀਤੀ 20 ਸਤੰਬਰ ਨੂੰ ਸਮੁੱਚੇ ਮਾਮਲੇ ਦੀ ਜਾਂਚ ਐਨਆਈਏ ਦੇ ਹਵਾਲੇ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਖਾਲੀ ਪਲਾਟ ਵਿੱਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਸਬੰਧੀ ਧਾਰਾ 304 ਅਤੇ ਐਕਸ਼ਪਲੋਸਿਫ ਸਬਸਟਾਂਸਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਧਮਾਕੇ ਵਿੱਚ 2 ਵਿਅਕਤੀ ਮਾਰੇ ਗਏ ਸਨ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਮਾਰੇ ਗਏ ਵਿਅਕਤੀ ਬਰੂਦ ਦੀ ਖੇਪ ਨੂੰ ਕੱਢਣ ਲਈ ਇਕ ਟੋਆ ਪੁੱਟ ਰਹੇ ਸਨ। ਐਨਆਈਏ ਨੂੰ ਜਾਂਚ ਸੌਂਪਣ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਪਾਕਿਸਤਾਨ ਆਧਾਰਿਤ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਡੂੰਘੀ ਸਾਜ਼ਿਸ਼ ਅਤੇ ਗਰੋਹ ਦੇ ਹਮਲਿਆਂ ਬਾਰੇ ਗੱਲ ਸਾਹਮਣੇ ਆਈ ਸੀ। ਜਿਨ੍ਹਾਂ ਵਿੱਚ 2016 ਵਿੱਚ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ।
ਮੁੱਖ ਸਾਜ਼ਿਸ਼ਕਾਰ ਬਿਕਰਮਜੀਤ ਸਿੰਘ ਉਰਫ਼ ਗ੍ਰੰਥੀ ਅਤੇ ਗਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਗ੍ਰੰਥੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਸਟਰੀਆ ਵਿੱਚ ਹੈ। ਪੇਸ਼ੇ ਵਜੋਂ ਗ੍ਰੰਥੀ ਅਤੇ ਦਮਦਮੀ ਟਕਸਾਲ ਦਾ ਪੈਰੋਕਾਰ ਬਿਕਰਮ ਪਾਠੀ ਵਜੋਂ ਕੰਮ ਕਰਦਾ ਹੈ। ਉਹ ਅੱਤ ਦਾ ਗਰਮ ਖਿਆਲੀ ਵਿਅਕਤੀ ਹੈ। ਉਸ ਨੇ ਉੱਘੀਆਂ ਸਿਆਸੀ ਸ਼ਖ਼ਸੀਅਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਦੇਸੀ ਬੰਬਾਂ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਆਈਈਡੀ ਦੇ ਇਸ ਮਾਹਰ ਨੇ ਸਥਾਨਕ ਬਣੇ ਬਹੁਮੰਤਵੀ ਬੰਬਾਂ ਨਾਲ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾਈ। ਹੋਰਨਾਂ ਭਗੌੜੇ ਵਿਅਕਤੀਆਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪ੍ਰਿੰਸ (ਦੋਵੇਂ ਕੈਲੀਫੋਰਨੀਆ, ਅਮਰੀਕਾ), ਸੋਢੀ ਸਿੰਘ (ਇਸ ਵੇਲੇ ਅਰਮੀਨੀਆ ਰਹਿ ਰਿਹਾ), ਅਰਵਿੰਦਰ ਸਿੰਘ ਹਨੀ, ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਬੱਬੂ 3 ਜੂਨ 2016 ਨੂੰ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਠੇਕੇ ’ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਫਰਾਰ ਹੋ ਗਏ ਸਨ।

Load More Related Articles
Load More By Nabaz-e-Punjab
Load More In Crime & Police

Check Also

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ

ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਚੋਰੀ ਹੋਏ ਸ…