Share on Facebook Share on Twitter Share on Google+ Share on Pinterest Share on Linkedin ਸਿਹਤ ਵਿਭਾਗ ਨੇ ਮੁਹਾਲੀ ਵਿੱਚ ਕੋਹੜ ਰੋਗ ਬਾਰੇ ਜਾਗਰੂਕਤਾ ਰੈਲੀ ਕੱਢੀ ਰੈਲੀ ਵਿੱਚ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਕੀਤੀ ਸ਼ਮੂਲੀਅਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ: ਸਿਹਤ ਵਿਭਾਗ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤੋਂ ਕੋਹੜ ਰੋਗ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ ਸਮਝਦੇ ਹਨ ਕਿ ਕੋਹੜ ਦਾ ਰੋਗ ਛੂਆ-ਛਾਤ ਵਾਲਾ ਰੋਗ ਹੈ ਅਤੇ ਕੋਹੜ ਪੀੜਤ ਵਿਅਕਤੀਆਂ ਤੋਂ ਦੂਰ ਰਹਿਣਾ ਹੈ ਅਤੇ ਉਨ੍ਹਾਂ ਦੇ ਅੰਗਾਂ ਨੂੰ ਛੂਹਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਧਾਰਨਾ ਬਿਲਕੁਲ ਗਲਤ ਹੈ ਕਿਉਂਕਿ ਇਹ ਛੂਤ ਦਾ ਰੋਗ ਨਹੀਂ ਹੈ ਸਗੋਂ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਸਿਵਲ ਸਰਜਨ ਨੇ ਕਿਹਾ ਕਿ ਕੋਹੜ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕਿਸੇ ਨੂੰ ਰੋਗ ਨਹੀਂ ਲਗਦਾ ਹੈ। ਇਸ ਦਾ ਡਾਕਟਰੀ ਇਲਾਜ ਕੀਤਾ ਜਾ ਸਕਦਾ ਹੈ ਅਤੇ ਹੁਣ ਤੱਕ ਲੱਖਾਂ ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰੈਲੀ ਦਾ ਮੰਤਵ ਵੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪੀੜਤ ਮਰੀਜ਼ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਰੈਲੀ ਵਿੱਚ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਸਟੇਟ ਲੈਪਰੋਸੀ ਅਫ਼ਸਰ ਡਾ. ਜਸਤੇਜ ਸਿੰਘ ਕੁਲਾਰ ਨੇ ਕੋਹੜ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਨੂੰ ਸਮਾਜ ਦੇ ਪਿਆਰ, ਹਮਦਰਦੀ ਦੀ ਬਹੁਤ ਲੋੜ ਹੈ ਕਿਉਂਕਿ ਉਹ ਵੀ ਤੰਦਰੁਸਤ ਇਨਸਾਨ ਵਾਂਗ ਜਿਊਣ ਅਤੇ ਸਮਾਜ ਵਿੱਚ ਵਿਚਰਨ ਦਾ ਅਧਿਕਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੋਹੜ ਰੋਗੀਆਂ ਦੀ ਸੇਵਾ ਇਨਸਾਨੀਅਤ ਦੀ ਭਲਾਈ ਦਾ ਵੱਡਾ ਕਾਰਜ ਹੈ। ਕੋਹੜ ਆਸ਼ਰਮ ਵਿੱਚ ਜਾ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਹੜ ਦੇ ਰੋਗ ਬਾਰੇ ਛੇਤੀ ਪਤਾ ਲੱਗ ਜਾਣ ’ਤੇ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਬਿਮਾਰੀ ਦਾ ਪੁਰਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਐਮਐਮਓ ਡਾ. ਮਨਜੀਤ ਸਿੰਘ, ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਬੌਬੀ ਗੁਲਾਟੀ, ਡਾ. ਗੁਰਮੁੱਖ ਸਿੰਘ, ਡਾ. ਮਹਿਕ ਤੁਲੀ, ਡਾ. ਸੁਭਾਸ਼ ਕੁਮਾਰ, ਮੀਡੀਆ ਅਧਿਕਾਰੀ ਗੁਰਦੀਪ ਕੌਰ, ਐਨਐਮਐਸ ਗੁਰਜਿੰਦਰ ਸਿੰਘ ਮੌਜੂੂਦ ਸਨ। (ਬਾਕਸ ਆਈਟਮ) ਚਮੜੀ ’ਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ। ਸੁੰਨਾਪਣ ਚਮੜੀ ਹੇਠਲੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ। ਨਸਾਂ ਮੋਟੀਆਂ ਅਤੇ ਸਖ਼ਤ ਹੋ ਜਾਂਦੀਆਂ ਹਨ। ਪ੍ਰਭਾਵਿਤ ਹਿੱਸੇ ਨੂੰ ਠੰਢੇ ਤੱਤੇ ਜਾਂ ਕਿਸੇ ਸੱਟ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ। ਨਸਾਂ ਦੀ ਖ਼ਰਾਬੀ ਕਾਰਨ ਮਾਸਪੇਸ਼ੀਆਂ ਕੰਮ ਨਹੀਂ ਕਰਦੀਆਂ ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ। ਤੱਤੇ ਠੰਢੇ ਦਾ ਪਤਾ ਨਾ ਲੱਗਣ ਕਾਰਨ ਜ਼ਖ਼ਮ ਹੋ ਜਾਂਦੇ ਹਨ। ਅੱਖਾਂ ਵਿਚ ਇਹ ਬਿਮਾਰੀ ਹੋਣ ’ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਨਿਗ੍ਹਾ ਉਤੇ ਅਸਰ ਪੈਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ