Share on Facebook Share on Twitter Share on Google+ Share on Pinterest Share on Linkedin ਐਸਜੀਪੀਸੀ ਅਧੀਨ ਗੁਰਦੁਆਰਿਆਂ ਵਿੱਚ ਸ਼ਖ਼ਸੀ ਪੂਜਾ ਦਾ ਨਵਾਂ ਰੁਝਾਨ, ਅਤਿ ਨਿੰਦਣਯੋਗ: ਬੀਰਦਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਐਸਜੀਪੀਸੀ ਅਧੀਨ ਗੁਰਦੁਆਰਾ ਸਾਹਿਬਾਨਾਂ ਵਿੱਚ ਸ਼ਖ਼ਸੀ ਪੂਜਾ ਦੇ ਨਵੇਂ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ, ਥੋੜੀ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਐਸਜੀਪੀਸੀ ਦੇ ਪ੍ਰਬੰਧ ਅਧੀਨ ਆਉਂਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰ ਜਾਂ ਦੂਜੇ ਪ੍ਰਬੰਧਕੀ ਦਫ਼ਤਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਤਸਵੀਰਾਂ ਕੰਧਾਂ ’ਤੇ ਲੱਗੀਆਂ ਹੋਈਆਂ ਹਨ ਜੋ ਕਿ ਗੁਰਮਤਿ ਦੇ ਸਿਧਾਂਤਾਂ ਦੇ ਵਿਪਰੀਤ, ਸ਼ਖ਼ਸੀ ਪੂਜਾ ਦਾ ਸਿੱਧਾ ਰੁਝਾਨ ਹੈ ਅਤੇ ਗੁਰੂ ਮਰਿਆਦਾ ਦੀ ਘੋਰ ਉਲੰਘਣ ਹੈ। ਇਹ ਪ੍ਰਵਿਰਤੀ ਲੌਂਗੋਵਾਲ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਫੀ ਜ਼ੋਰ ਫੜ ਗਈ ਹੈ। ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਸੈਕਟਰ-44 ਚੰਡੀਗੜ੍ਹ ਵਿੱਚ ਸੁਸ਼ੋਭਿਤ ਗੁਰਦੁਆਰਾ ਬਾਗ ਸ਼ਹੀਦਾਂ ਵਿੱਚ ਮੈਨੇਜਰ ਦੇ ਦਫ਼ਤਰ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਸਵੀਰ ਲੱਗੀ ਦੇਖੀ ਤਾਂ ਪਤਾ ਚੱਲਿਆ ਕਿ ਇਹ ਗੁਰਦੁਆਰਾ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਗਿਆ ਹੈ। ਇੱਥੇ ਹੀ ਇਕ ਸੰਗਮਰਮਰ ਦਾ ਨੀਂਹ ਪੱਥਰ ਬੀਬੀ ਜਗੀਰ ਕੌਰ ਦੇ ਨਾਂ ਦਾ ਵੀ ਲੱਗਿਆ ਦੇਖਿਆ ਹੈ। ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿੱਚ ਵੀ ਇਕ ਅਜਿਹਾ ਪੱਥਰ ਹਾਲ ਹੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਇਸ਼ਤਿਹਾਰਾਂ ਵਿੱਚ ਵੀ ਲੌਂਗੋਵਾਲ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਜਾ ਰਹੀਆਂ ਹਨ, ਜਿਸ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਸ਼ਖ਼ਸੀ ਪੂਜਾ ਦਾ ਨਵਾਂ ਰੁਝਾਨ ਤੁਰੰਤ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਤਾਂ ਬੇਹੱਦ ਹੈਰਾਨੀ ਅਤੇ ਦੁੱਖ ਹੋਇਆ ਕਿ ਪਿਛਲੇ ਦਿਨੀਂ ਲੌਂਗੋਵਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਸਮੇਂ ਆਪਣਾ ਬਾਵਰਦੀ ਗੰਨਮੈਨ ਵੀ ਦਰਬਾਰ ਸਾਹਿਬ ਅੰਦਰ ਨਾਲ ਹੀ ਲੈ ਗਏ ਸਨ। ਸਾਬਕਾ ਡਿਪਟੀ ਸਪੀਕਰ ਨੇ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੂਹ ਸਿੱਖ ਤਖ਼ਤਾਂ ਦੇ ਜਥੇਦਾਰਾਂ ਨੂੰ ਇਸ ਨਕਾਰਾਤਮਿਕ ਰੁਝਾਨ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਲਈ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਕੁਝ ਰਾਜਸੀ ਵਿਅਕਤੀਆਂ ਦੇ ਨਾਂ ਦੇ ਨੀਂਹ ਪੱਥਰ ਲਾਏ ਹੋਏ ਹਨ ਜੋ ਕਿ ਕਤਈ ਸ਼ੋਭਾ ਨਹੀਂ ਦਿੰਦਾ। ਗੁਰਦੁਆਰਾ ਸਾਹਿਬਾਨ ਦੀ ਹੱਦ ਅੰਦਰ ਕਿਸੇ ਵੀ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਕੇਵਲ ਪੰਜ ਪਿਆਰਿਆਂ ਵੱਲੋਂ ਹੀ ਸਾਂਝੇ ਤੌਰ ’ਤੇ ਅਰਦਾਸ ਕਰਨ ਉਪਰੰਤ ਪੰਜ ਇੱਟਾਂ ਰੱਖ ਕੇ ਜਾਂ ਬਜਰੀ ਦੇ ਪੰਜ ਬਾਟੇ ਪਾ ਕੇ ਜਾਂ ਕਹੀ ਦੇ ਪੰਜ ਟੱਕ ਲਗਾ ਕੇ ਕੀਤੀ ਜਾ ਸਕਦੀ ਹੈ। ਇਮਾਰਤ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਨਾਲ ਆਪਣੇ ਆਪ ਹੀ ਹੋ ਜਾਂਦਾ ਹੈ। ਇੰਝ ਹੀ ਗੁਰਦੁਆਰਾ ਸਾਹਿਬਾਨ ਦੀ ਚਾਰਦੀਵਾਰੀਆਂ ਕੰਧਾਂ ਇਸ਼ਤਿਹਾਰੀ ਬੋਰਡਾਂ ਅਤੇ ਫਲੈਕਸਾਂ ਨਾਲ ਭਰੀਆਂ ਹੋਈਆਂ ਹਨ। ਅਜਿਹੇ ਇਸ਼ਤਿਹਾਰੀ ਬੋਰਡਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਸ਼ਾਨਦਾਰ ਚੌਗਿਰਦਿਆਂ ਨੂੰ ਬੇਨੂਰ ਕਰ ਛੱਡਿਆ ਹੈ। ਜਦੋਂ ਗੁਰਦੁਆਰਾ ਸਾਹਿਬ ਵੱਲ ਨੂੰ ਸਿਰ ਝੁਕਾਉਂਦੇ ਹਾਂ ਤਾਂ ਇਨ੍ਹਾਂ ਭੱਦਰ ਪੁਰਸ਼ਾਂ ਦੇ ਦਰਸ਼ਨ ਪਹਿਲਾਂ ਹੋ ਜਾਂਦੇ ਹਨ। ਜਿਨ੍ਹਾਂ ’ਚੋਂ ਬਹੁਤਿਆਂ ਦੇ ਤਾਂ ਨਿੱਜੀ ਕਿਰਦਾਰ ਵੀ ਸਾਫ਼-ਸੁਥਰੇ ਨਹੀਂ ਹੁੰਦੇ, ਪ੍ਰੰਤੂ ਗੁਰਦੁਆਰਾ ਮੈਨੇਜਰਾਂ ਦਾ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵੀ ਗੁਰਮਤਿ ਸਮਾਗਮ ਜਾਂ ਕੀਰਤਨ ਦਰਬਾਰ ਬਾਰੇ ਕਿਸੇ ਸੰਸਥਾ ਨੇ ਕੋਈ ਜਾਣਕਾਰੀ ਦੇਣੀ ਹੈ ਤਾਂ ਅਜਿਹੀ ਸੂਚਨਾ ਲਈ ਕੋਈ ਖਾਸ ਜਗ੍ਹਾ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ