Share on Facebook Share on Twitter Share on Google+ Share on Pinterest Share on Linkedin ਪਾਣੀ ਦੀ ਸਮੱਸਿਆ ਨੂੰ ਲੈ ਕੇ ਫੇਜ਼-10 ਦੇ ਵਸਨੀਕਾਂ ਵੱਲੋਂ ਜਲ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਬੂਸਟਰ ਦੀ ਮੋਟਰ ਖਰਾਬ ਹੋਣ ਕਾਰਨ ਪੈਦਾ ਹੋਈ ਸਮੱਸਿਆ, ਛੇਤੀ ਹੀ ਨਵੀਂ ਮੋਟਰ ਫਿੱਟ ਕੀਤੀ ਜਾਵੇਗੀ: ਅਧਿਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ: ਇੱਥੋਂ ਦੇ ਫੇਜ਼-10 ਦੇ ਵਸਨੀਕ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੂਸਟਰ ਦੀ ਮੋਟਰ ਖਰਾਬ ਹੋਣ ਕਾਰਨ ਉੱਪਰਲੀਆਂ ਮੰਜ਼ਲਾਂ ’ਤੇ ਪਾਣੀ ਨਹੀਂ ਪਹੁੰਚ ਰਿਹਾ ਹੈ। ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-10 ਦੇ ਪ੍ਰਧਾਨ ਹਰਕੇਸ਼ ਰਾਣਾ, ਚੇਅਰਮੈਨ ਤਰਲੋਚਨ ਸਿੰਘ, ਸਕੱਤਰ ਹਰੀ ਰਾਮ, ਅਜੈਬ ਸਿੰਘ, ਉਮੇਸ਼ ਚੌਹਾਨ, ਸੰਜੀਵ ਕੁਮਾਰ ਅਤੇ ਸ੍ਰੀਮਤੀ ਲੱਕੀ ਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕਰੀਬ 15 ਦਿਨਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਜੇਕਰ ਕੋਈ ਵਸਨੀਕ ਟੁੱਟੀ ’ਤੇ ਪਾਈਪ ਲਗਾ ਕੇ ਕਾਰ ਧੋਂਦਾ ਹੈ ਜਾਂ ਬਗਿੱਚੇ ਨੂੰ ਪਾਣੀ ਦਿੰਦਾ ਹੈ ਤਾਂ ਜਲ ਸਪਲਾਈ ਵਿਭਾਗ ਵੱਲੋਂ ਤੁਰੰਤ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੱਤਾ ਜਾਂਦਾ ਹੈ ਪ੍ਰੰਤੂ ਕਈ ਦਿਨਾਂ ਤੋਂ ਬੂਸਟਰ ਦੀ ਮੋਟਰ ਖਰਾਬ ਹੋਣ ਕਰਕੇ ਟੈਂਕ ’ਚੋਂ ਪਾਣੀ ਓਵਰਫਲੋ ਹੋ ਕੇ ਰੋਜ਼ਾਨਾ ਸ਼ਾਮ ਅਤੇ ਸਵੇਰੇ ਹਜ਼ਾਰਾਂ ਲੀਟਰ ਪਾਣੀ ਬੇਅਰਥ ਵਹਿ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਹਰਕੇਸ਼ ਰਾਣਾ ਨੇ ਦੱਸਿਆ ਕਿ ਹੈਰਾਨੀ ਉਦੋਂ ਹੋਈ ਜਦੋਂ ਉਸ ਨੇ ਉਕਤ ਸਮੱਸਿਆ ਸਬੰਧੀ ਉੱਚ ਅਧਿਕਾਰੀ ਨਾਲ ਫੋਨ ’ਤੇ ਤਾਲਮੇਲ ਕੀਤਾ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਨੂੰ ਟਾਲ ਦਿੱਤਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਜਦੋਂਕਿ ਜਲ ਘਰ ਵਿੱਚ ਅਪਰੇਟਰ ਅਤੇ ਹੋਰ ਸਟਾਫ਼ ਤਾਇਨਾਤ ਹੈ। ਜਿਨ੍ਹਾਂ ਦੀ ਇਹ ਡਿਊਟੀ ਬਣਦੀ ਸੀ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਉਕਤ ਸਮੱਸਿਆ ਬਾਰੇ ਜਾਣਕਾਰੀ ਦਿੰਦੇ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਅਨਿਲ ਕੁਮਾਰ ਅਤੇ ਐਸਡੀਓ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਿਸੇ ਹੋਰ ਹਿੱਸੇ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਹੈ। ਜਿੱਥੋਂ ਤੱਕ ਫੇਜ਼-10 ਦਾ ਸਵਾਲ ਹੈ। ਇੱਥੇ ਬੂਸਟਰ ਦੀ ਮੋਟਰ ਸੜ ਗਈ ਸੀ। ਜਿਸ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਮੋਟਰ ਫਿੱਟ ਕਰਕੇ ਪਾਣੀ ਦੀ ਸਪਲਾਈ ਦਿੱਤੀ ਗਈ ਸੀ ਲੇਕਿਨ ਫਿਰ ਤੋਂ ਮੋਟਰ ਸੜ ਗਈ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਂਜ ਵਿਭਾਗ ਕੋਲ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਉਪਲਬਧਤਾ ਅਨੁਸਾਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਗੱਲ ਦਾਅਵੇ ਨਾਲ ਆਖੀ ਕਿ ਅੱਜ ਸ਼ਾਮ ਤੱਕ ਨਵੀਂ ਮੋਟਰ ਫਿੱਟ ਕਰਕੇ ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ