Nabaz-e-punjab.com

ਗਵਾਹ ’ਤੇ ਹਮਲਾ: ਗੈਂਗਸਟਰਾਂ ਦਾ ਇਕ ਸਾਥੀ ਬ੍ਰਹਮ ਦੱਤ ਲੱਕੀ ਗ੍ਰਿਫ਼ਤਾਰ, ਦੋ ਦਿਨਾਂ ਪੁਲੀਸ ਰਿਮਾਂਡ

ਕੋਰਟ ਰੂਮ ਦੇ ਬਿਲਕੁਲ ਬਾਹਰ ਹੋਇਆ ਗਵਾਹ ਅਤੇ ਸਮਰਥਕਾਂ ’ਤੇ ਹਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਸੈਕਟਰ-76 ਵਿੱਚ ਸ਼ੁੱਕਰਵਾਰ ਨੂੰ ਗੈਂਗਸਟਰਾਂ ਦੇ ਖ਼ਿਲਾਫ਼ ਗਵਾਹੀ ਦੇਣ ਆਏ ਸ਼ਿਕਾਇਤ ਕਰਤਾ\ਗਵਾਹ ਰੋਹਿਤ ਜੋਸ਼ੀ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਗੈਂਗਸਟਰਾਂ ਦੇ ਇਕ ਸਾਥੀ ਬ੍ਰਹਮ ਦੱਤ ਉਰਫ਼ ਲੱਕੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਅਦਾਲਤ ਵਿੱਚ ਪੇਸ਼ ਸਰਕਾਰੀ ਵਕੀਲ ਅਤੇ ਜਾਂਚ ਅਧਿਕਾਰੀ ਨੇ ਮੁਲਜ਼ਮ ਦੇ ਚਾਰ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਬਾਕੀ ਫਰਾਰ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ਅਤੇ ਗਵਾਹ ਨੂੰ ਧਮਕਾਉਣ ਤੇ ਹਮਲਾ ਕਰਨ ਦੀ ਸਾਜ਼ਿਸ਼ ਬਾਰੇ ਪਤਾ ਕਰਨਾ ਹੈ।
ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਰੋਹਿਤ ਜੋਸ਼ੀ ਵਾਸੀ ਬਨੂੜ ਦੇ ਬਿਆਨਾਂ ’ਤੇ ਬ੍ਰਹਮ ਦੱਤ ਉਰਫ਼ ਲੱਕੀ, ਦੀਪਕ ਚਹਿਲ, ਸੇਵਕ, ਬਿੱਲਾ, ਸਤਨਾਮ ਸਿੰਘ, ਮਨੀਰ ਮੋਂਗੀਆਂ ਉਰਫ਼ ਮਾਹੀ, ਦਿਲਵਰ ਖਾਨ ਅਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 341, 323, 506 ਅਤੇ ਗਵਾਹ ਨੂੰ ਧਮਕਾਉਣ ਦੀ ਧਾਰਾ 195ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬ੍ਰਹਮ ਦੱਤ ਨੂੰ ਕੱਲ੍ਹ ਹੀ ਮੌਕੇ ’ਤੇ ਕਾਬੂ ਕਰ ਲਿਆ ਸੀ ਜਦੋਂਕਿ ਬਾਕੀ ਫਰਾਰ ਹਮਲਾਵਰਾਂ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੀੜਤ ਰੋਹਿਤ ਜੋਸ਼ੀ ਵਾਸੀ ਬਨੂੜ ਨੇ ਥਾਣੇ ਵਿੱਚ ਦਰਜ ਕਰਵਾਈ ਰਿਪੋਰਟ ਵਿੱਚ ਕਿਹਾ ਹੈ ਕਿ ਤਿੰਨ ਸਾਲ ਪਹਿਲਾਂ 6 ਅਪਰੈਲ 2017 ਨੂੰ ਹਰਤੇਜਵੰਤ ਸਿੰਘ, ਦਿਨੇਸ਼ ਕੁਮਾਰ, ਗੁਰਵਿੰਦਰ ਸਿੰਘ ਉਰਫ਼ ਗੋਲਡੀ, ਦੀਪਕ ਉਰਫ਼ ਦੀਪੂ, ਸੰਦੀਪ ਨਾਟਾ, ਲਾਡੀ ਛੱਤ, ਅਮਨਦੀਪ ਸਿੰਘ ਮੰਨੀ ਰਿਸਕੀ ਦੇ ਖ਼ਿਲਾਫ਼ ਧਾਰਾ 307, 452, 506, 148, 149 ਅਤੇ ਅਸਲਾ ਐਕਟ ਤਹਿਤ ਥਾਣਾ ਬਨੂੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸੰਦੀਪ ਨਾਟਾ, ਤੇਜਵੰਤ, ਦਿਨੇਸ਼, ਗੋਲਡੀ ਜ਼ਮਾਨਤ ’ਤੇ ਹਨ। ਉਸ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਗਵਾਹ ਦੇਣ ਨਾ ਦੇਣ ਸਬੰਧੀ ਪਹਿਲਾਂ ਹੀ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਬੀਤੇ ਕੱਲ੍ਹ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਉਹ ਗਵਾਹੀ ਦੇਣ ਆਇਆ ਸੀ। ਜਿੱਥੇ ਪਹਿਲਾਂ ਹੀ ਮੁਲਜ਼ਮਾਂ ਦੇ ਸਮਰਥਕ ਉਕਤ ਵਿਅਕਤੀ ਅਦਾਲਤ ਵਿੱਚ ਮੌਜੂਦ ਸਨ। ਗਵਾਹੀ ਲਈ ਆਵਾਜ਼ ਪੈਣ ’ਤੇ ਉਹ ਗਵਾਹੀ ਦੇਣ ਲਈ ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਐਨੇ ਵਿੱਚ ਕੋਰਟ ਰੂਮ ਦੇ ਬਾਹਰ ਰੌਲਾ ਪੈ ਗਿਆ। ਬਾਹਰ ਆ ਕੇ ਦੇਖਿਆ ਕਿ ਮੁਲਜ਼ਮਾਂ ਦੇ ਸਾਥੀ ਉਸ ਦੇ ਦੋਸਤਾਂ ਦੀ ਕੁੱਟਮਾਰ ਕਰ ਰਹੇ ਸੀ। ਹਮਲਾਵਰਾਂ ਨੇ ਉਸ ਨੂੰ ਦੇਖਦੇ ਹੀ ਉਸ ਉੱਤੇ ਵੀ ਹਮਲਾ ਬੋਲ ਦਿੱਤਾ। ਹਾਲਾਂਕਿ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਪੁਲੀਸ ਕਰਮਚਾਰੀ ਤਾਇਨਾਤ ਸਨ। ਇਸ ਦੇ ਬਾਵਜੂਦ ਹਮਲਾਵਰ ਸ਼ਿਕਾਇਤ ਕਰਤਾ ਨੂੰ ਗਵਾਹੀ ਦੇਣ ਦੀ ਸੂਰਤ ਵਿੱਚ ਭਿਆਨਕ ਸਿੱਟੇ ਭੁਗਤਣੇ ਧਮਕੀ ਦੇ ਕੇ ਲਲਕਾਰੇ ਮਾਰੇ ਹੋਏ ਫਰਾਰ ਹੋ ਗਏ।
(ਬਾਕਸ ਆਈਟਮ)
ਜਾਣਕਾਰੀ ਅਨੁਸਾਰ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਪਹਿਲਾਂ ਹੋਏ ਕਬੱਡੀ ਖਿਡਾਰੀ ਦੇ ਕਤਲ ਅਤੇ ਲੜਾਈ ਝਗੜੇ ਦੀਆਂ ਵਾਰਦਾਤਾਂ ਤੋਂ ਬਾਅਦ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਦੇ ਬਾਹਰ ਐਂਟਰੀ ਪੁਆਇੰਟ ’ਤੇ ਪੁਲੀਸ ਦੀ ਕਿਊਕਐਕਸ਼ਨ ਟੀਮ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਗੇਟ ਦੇ ਅੰਦਰ ਅਤੇ ਬਾਹਰ ਵੀ ਪੁਲੀਸ ਕਰਮਚਾਰੀ ਤਾਇਨਾਤ ਰਹਿੰਦੇ ਹਨ ਅਤੇ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਲਿਆਉਣ ਵਾਲੇ ਵਾਹਨਾਂ ਨਾਲ ਵੀ ਪੁਲੀਸ ਫੋਰਸ ਹੁੰਦੀ ਹੈ। ਇਸ ਦੇ ਬਾਵਜੂਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੇਖ਼ੌਫ਼ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…