Nabaz-e-punjab.com

ਰਾਹਗੀਰਾਂ ਦੀ ਸੁਵਿਧਾ ਲਈ ਪੀਸੀਏ ਸਟੇਡੀਅਮ ਨੇੜੇ ਪੁੱਲ ਦੇ ਦੋਵੇਂ ਫੁੱਟਪਾਥ ਦੀ ਥਾਂ ਖਾਲੀ ਕਰਵਾਈ ਜਾਵੇ

ਪੁੱਲ ਦੇ ਦੋਵੇਂ ਫੁੱਟਪਾਥ ਦੇ ਉੱਤੇ ਜਲ ਸਪਲਾਈ ਪਾਈਪਲਾਈਨ ਵਿਛਾਉਣ ਕਾਰਨ ਪੈਦਲ ਰਾਹਗੀਰ ਅੌਖੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਨੇੜਿਓਂ ਲੰਘਦੇ ਗੰਦੇ ਪਾਣੀ ਦੇ ਨਾਲੇ ਉੱਤੇ ਬਣੇ ਪੁਲ ਦੇ ਦੋਵੇਂ ਪਾਸੇ ਫੁੱਟਪਾਥ ਦੀ ਥਾਂ ’ਤੇ ਜਲ ਸਪਲਾਈ ਮੇਨ ਦੀ ਪਾਈਪਲਾਈਨ ਵਿਛਾਈ ਗਈ ਹੈ। ਜਿਸ ਕਾਰਨ ਇਸ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਪੈਦਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਫੁੱਟਪਾਥ ਦੀ ਥਾਂ ਖਾਲੀ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦੇ ਰਿਹਾ ਹੈ।
ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪੁਲ ਉੱਤੇ ਫੁੱਟਪਾਥ ਦੀ ਥਾਂ ਲੰਘਦੀ ਵਾਟਰ ਸਪਲਾਈ ਪਾਈਪਲਾਈਨ ਵਿੱਚ ਅਕਸਰ ਲੀਕੇਜ ਹੋਣ ਕਾਰਨ ਪੈਦਲ ਰਾਹਗੀਰ ਅਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਾਰਨ ਹਮੇਸ਼ਾ ਪੁਲ ’ਤੇ ਸੜਕ ਦੁਰਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਉਂਜ ਵੀ ਇਸ ਮੇਨ ਪਾਈਪਲਾਈਨ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਸੁਰੱਖਿਆ ਦਾ ਕੋਈ ਖਾਸ ਇੰਤਜਾਮ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ।
ਸ੍ਰੀ ਧਨੋਆ ਨੇ ਕਿਹਾ ਕਿ ਪੀਸੀਏ ਸਟੇਡੀਅਮ ਵਿੱਚ ਕ੍ਰਿਕਟ ਮੈਚਾਂ ਦੌਰਾਨ ਇੱਥੇ ਸ਼ਹਿਰ ਦੀਆਂ ਵੱਖ ਵੱਖ ਸਿਆਸੀ ਸ਼ਖ਼ਸੀਅਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ, ਮੰਤਰੀ, ਮੁੱਖ ਮੰਤਰੀ ਆਦਿ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਂਜ ਵੀ ਇਸ ਸੜਕ ਤੋਂ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਅਤੇ ਉੱਚ ਅਧਿਕਾਰੀ ਅਕਸਰ ਇਸ ਰਸਤੇ ਤੋਂ ਲੰਘਦੇ ਰਹਿੰਦੇ ਹਨ ਪਰ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਇਹ ਬੁਨਿਆਦੀ ਲੋੜ ਨਜ਼ਰ ਨਹੀਂ ਆਉਂਦੀ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ’ਤੇ ਫੁੱਟਪਾਥ ਦੀ ਥਾਂ ’ਚੋਂ ਲੰਘਦੀ ਜਲ ਸਪਲਾਈ ਪਾਈਪਲਾਈਨ ਅੰਡਰ ਗਰਾਉਂਡ ਪਾਈ ਜਾਵੇ ਅਤੇ ਇਹ ਥਾਂ ਫੁੱਟਪਾਥ ਵਜੋਂ ਲੋਕਾਂ ਦੀ ਵਰਤੋਂ ਲਈ ਖੋਲੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…