Nabaz-e-punjab.com

ਮੁਹਾਲੀ ਅਦਾਲਤ ਦੇ ਵਕੀਲਾਂ ਵੱਲੋਂ ਪੰਜ ਦਿਨਾਂ ਹਫ਼ਤੇ ਦੀ ਮੰਗ ਨੂੰ ਲੈ ਕੇ ਮੁਕੰਮਲ ਹੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ (ਮੁਹਾਲੀ) ਦੇ ਵਕੀਲਾਂ ਵੱਲੋਂ ਪੰਜ ਦਿਨਾਂ ਹਫ਼ਤਾ (ਹਰੇਕ ਸ਼ਨਿਚਰਵਾਰ ਦੀ ਛੁੱਟੀ) ਦੀ ਮੰਗ ਨੂੰ ਲੈ ਕੇ ਅੱਜ ਮੁਕੰਮਲ ਹੜਤਾਲ ਕੀਤੀ ਗਈ। ਇਸ ਦੌਰਾਨ ਵਕੀਲਾਂ ਨੇ ਮੁਕੰਮਲ ਕੰਮ ਬੰਦ ਰੱਖਿਆ ਅਤੇ ਕੋਈ ਵੀ ਵਕੀਲ ਅੱਜ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਮੌਕੇ ਪੇਸ਼ ਨਹੀਂ ਹੋਇਆ। ਜਿਸ ਕਾਰਨ ਅਦਾਲਤਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਜ਼ਿਆਦਾਤਰ ਕੇਸਾਂ ਵਿੱਚ ਸਿਰਫ਼ ਅੱਗੇ ਤਰੀਕਾਂ ਹੀ ਪਈਆਂ ਹਨ।
ਵਕੀਲਾਂ ਦੀ ਹੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜ ਦਿਨਾਂ ਹਫ਼ਤੇ ਦੀ ਵਕੀਲਾਂ ਦੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤੱਕ ਵਕੀਲਾਂ ਦੀ ਇਹ ਜਾਇਜ਼ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਵਕੀਲਾਂ ਵੱਲੋਂ ਹਰੇਕ ਸ਼ਨਿਚਰਵਾਰ ਨੂੰ ਆਪਣਾ ਕੰਮ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਪਹਿਲਾਂ ਹੀ ਪੰਜ ਦਿਨਾਂ ਕੰਮਕਾਰੀ ਹਫ਼ਤਾ ਚੱਲ ਰਿਹਾ ਹੈ, ਪ੍ਰੰਤੂ ਹੇਠਲੀਆਂ ਅਦਾਲਤਾਂ ਵਿੱਚ ਇਹ ਸੁਵਿਧਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਹਫ਼ਤਾ ਲਾਗੂ ਨਾ ਕਰਨਾ ਵਕੀਲਾਂ ਨਾਲ ਵਿਤਕਰਾ ਹੈ। ਜਿਸ ਨੂੰ ਵਕੀਲ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਹਾਜ਼ਰ ਵਕੀਲਾਂ ਨੇ ਦੱਸਿਆ ਕਿ ਹੇਠਲੀਆਂ ਅਦਾਲਤਾਂ ਵਿੱਚ ਲੋਕਾਂ ਨੂੰ ਸਹੀ ਇਨਸਾਫ਼ ਦਿਵਾਉਣ ਲਈ ਇਹ ਜ਼ਰੂਰੀ ਹੈ ਕਿ ਵਕੀਲਾਂ ਨੂੰ ਆਪਣੇ ਕੇਸ ਤਿਆਰ ਕਰਨ ਅਤੇ ਪੜ੍ਹਨ ਲਾਈ ਪੂਰਾ ਸਮਾਂ ਮਿਲੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਹਰੇਕ ਸ਼ਨਿਚਰਵਾਰ ਦੀ ਸਰਕਾਰੀ ਛੁੱਟੀ ਐਲਾਨੀ ਜਾਵੇ। ਇਸ ਮੌਕੇ ਸੀਨੀਅਰ ਵਕੀਲਾਂ ਨੇ ਕਿਹਾ ਕਿ ਹਾਈ ਕੋਰਟ ਦੀ ਤਰਜ਼ ’ਤੇ ਹੀ ਹੇਠਲੀਆਂ ਅਦਾਲਤਾਂ ਵਿੱਚ ਛੁੱਟੀਆਂ ਕੀਤੀਆਂ ਜਾਣ।
ਇਸ ਮੌਕੇ ਬਾਰ ਕੌਂਸਲ ਮੈਂਬਰ ਬਲਜਿੰਦਰ ਸਿੰਘ ਸੈਣੀ, ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਰਾਜੇਸ਼ ਗੁਪਤਾ, ਨਰਪਿੰਦਰ ਸਿੰਘ ਰੰਗੀ, ਗੁਰਮੇਲ ਧਾਲੀਵਾਲ, ਸੰਦੀਪ ਲੱਖਾ, ਅਨਮੋਲ ਕਾਨਵ, ਸੁਸ਼ੀਲ ਅੱਤਰੀ, ਜਸਪਾਲ ਸਿੰਘ, ਪੀਐਸ ਗਰੇਵਾਲ, ਅਮਨਦੀਪ ਸੋਹੀ ਅਤੇ ਸਿਮਰਨਜੀਤ ਕੌਰ ਸਮੇਤ ਹੋਰ ਵਕੀਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…