nabaz-e-punjab.com

ਬਿਜਲੀ ਅੰਦੋਲਨ ਵਿਚ ਇੱਕ ਲੱਖ ਵਲੰਟੀਅਰ ਝੋਕੇਗੀ ਆਮ ਆਦਮੀ ਪਾਰਟੀ

ਮਾਹਿਰਾਂ ਤੋਂ ਟਰੇਨਿੰਗ ਲੈ ਕੇ 5000 ਮਾਸਟਰ ਟ੍ਰੇਨਰ ਬਣਾਉਣਗੇ ਪਿੰਡ ਅਤੇ ਸ਼ਹਿਰ ਪੱਧਰ ‘ਤੇ ਬਿਜਲੀ ਕਮੇਟੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਫਰਵਰੀ-
ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਅਤੇ ਸ਼ਹਿਰ ਪੱਧਰ ‘ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤੱਕ ਪਹੁੰਚ ਕਰੇਗੀ। ‘ਆਪ’ ਵੱਲੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪੰਜਾਬ ਦੇ ਹਰ ਵਰਗ ਨਾਲ ਸੰਬੰਧਿਤ ਲੋਕ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਗ਼ਰੀਬ ਲੋਕਾਂ ਦੇ ਨਾਲ-ਨਾਲ ਨੌਕਰੀ ਪੇਸ਼ਾ ਦੁਕਾਨਦਾਰ, ਵਪਾਰੀ ਅਤੇ ਉਦਯੋਗਪਤੀ ਵੀ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪਰੇਸ਼ਾਨ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਇੱਕ ਲੱਖ ਵਲੰਟੀਅਰ ਜ਼ਮੀਨੀ ਪੱਧਰ ‘ਤੇ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਦੇ ਬਿਜਲੀ ਅੰਦੋਲਨ ਵਿਚ ਕੰਮ ਕਰ ਚੁੱਕੇ ਮਾਹਿਰ ਟਰੇਨਿੰਗ ਦੇ ਕੇ ਪੰਜਾਬ ਵਿਚ 5000 ਵਲੰਟੀਅਰਾਂ ਨੂੰ ਮਾਸਟਰ ਟ੍ਰੇਨਰ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਅਤੇ ਸ਼ਨੀਵਾਰ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਦੀਆਂ ਮੁਸ਼ਕਲਾਂ ਸੁਣੀਆਂ। ਇਸ ਸੁਣਵਾਈ ਵਿਚ ਖੇਤਰ ਦੇ ਸੈਂਕੜੇ ਲੋਕਾਂ ਦੇ ਸ਼ਮੂਲੀਅਤ ਕਰ ਕੇ ਆਪਣੀਆਂ ਮੁਸ਼ਕਲਾਂ ਸੁਣਾਈਆਂ।
ਚੀਮਾ ਨੇ ਕਿਹਾ ਕਿ ‘ਆਪ’ ਦੇ ਵਲੰਟੀਅਰ ਆਮ ਉਪਭੋਗਤਾਵਾਂ ਨੂੰ ਮਿਲ ਕੇ ਦੱਸਣਗੇ ਕਿ ਕਿਸ ਪ੍ਰਕਾਰ ਸਰਕਾਰ ਵਾਧੂ ਟੈਕਸ ਲਗਾ ਕੇ ਉਨ੍ਹਾਂ ਤੋਂ ਵੱਧ ਮੁੱਲ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਦਰਾਂ ਦੇ ਅੰਤਰ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣ ਦਾ ਅਸਲ ਕਾਰਨ ਕੈਪਟਨ ਸਰਕਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਹੈ।
ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਅਤੇ ਬੀਜੇਪੀ ਦੀ ਮਿਲੀਭੁਗਤ ਨਾਲ ਬਿਜਲੀ ਕੰਪਨੀਆਂ ਲੋਕਾਂ ਤੋਂ ਮਹਿੰਗੀਆਂ ਦਰਾਂ ਵਸੂਲ ਕਰੀਆਂ ਸਨ। ਪਰੰਤੂ ਕੇਜਰੀਵਾਲ ਨੇ ਇਸ ਨੂੰ ਦਰੁਸਤ ਕਰ ਕੇ ਦਿੱਲੀ ਵਿਚ ਸਸਤੀ ਬਿਜਲੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਖ਼ੁਦ ਬਿਜਲੀ ਉਤਪਾਦ ਨਾ ਕਰ ਕੇ ਵੀ ਦਿੱਲੀ ਇਸ ਸਮੇਂ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਉਣ ਵਾਲਾ ਸੂਬਾ ਹੈ, ਜਦਕਿ ਪੰਜਾਬ ਕੋਲ ਆਪਣੇ ਸਰੋਤ ਹੋਣ ਦੇ ਬਾਵਜੂਦ ਵੀ ਦੇਸ਼ ਵਿਚ ਸਭ ਤੋਂ ਮਹਿੰਗੀਆਂ ਬਿਜਲੀ ਦਰਾਂ ਹਨ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਨਿੱਜੀ ਬਿਜਲੀ ਕੰਪਨੀਆਂ ਦੀ ਮਿਲੀਭੁਗਤ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਜ਼ੋਰ-ਸ਼ੋਰ ਨਾਲ ਚੁੱਕੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਆਉਂਦੇ ਬਜਟ ਸੈਸ਼ਨ ਵਿਚ ਵੀ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਅਤੇ ਸਰਕਾਰ ਤੋਂ ਇਸ ਸੰਬੰਧੀ ਸਪਸ਼ਟੀਕਰਨ ਮੰਗਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…