Nabaz-e-punjab.com

ਮੁਹਾਲੀ ਪ੍ਰਸ਼ਾਸਨ ਤੋਂ ਲਾਇਸੈਂਸ ਲੈ ਕੇ ਇਮੀਗ੍ਰੇਸ਼ਨ ਕੰਪਨੀਆਂ ਕਰ ਰਹੀਆਂ ਹਨ ਕਬੂਤਰਬਾਜ਼ੀ ਦਾ ਧੰਦਾ: ਸਤਨਾਮ ਦਾਊਂ

ਤਿੰਨ ਕੰਪਨੀਆਂ ਖ਼ਿਲਾਫ਼ ਡੀਸੀ ਨੂੰ ਸ਼ਿਕਾਇਤਾਂ ਦਿੱਤੀਆਂ, ਲਾਈਸੈਂਸ ਰੱਦ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਤੋਂ ਬਾਕਾਇਦਾ ਲਾਇਸੈਂਸ ਲੈ ਕੇ ਕੰਮ ਕਰਨ ਵਾਲੀਆਂ ਇਮੀਗ੍ਰਸ਼ਨ ਕੰਪਨੀਆਂ ਵੱਲੋਂ ਵੀ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀਆਂ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਜਿਹੀਆਂ ਕੁੱਝ ਕੰਪਨੀਆਂ ਦਾ ਲਾਇਸੈਂਸ ਰੱਦ ਕਰਵਾਉਣ ਲਈ ਪੰਜਾਬ ਅਗੈਂਸਟ ਕੁਰੱਪਸ਼ਨ ਵੱਲੋਂ ਡੀਸੀ ਮੁਹਾਲੀ ਨੂੰ ਵੱਖ ਵੱਖ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਸੰਸਥਾ ਦੇ ਮੁਖੀ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਇੱਕ ਥਾਂ ਤੋਂ ਦੂਜੀ ਥਾਂ ਤੇ ਦਫ਼ਤਰ ਖੋਲ੍ਹ ਲੈਂਦੇ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਪੁਲੀਸ ਕੋਲ ਕਈ ਸ਼ਿਕਾਇਤਾਂ ਸੁਣਵਾਈ ਅਧੀ ਹਨ। ਕੁੱਝ ਮਾਮਲਿਆਂ ਵਿੱਚ ਤਾਂ ਇਨ੍ਹਾਂ ਕੰਪਨੀਆਂ ਵਾਲਿਆਂ ਦੇ ਖਿਲਾਫ ਬਾਕਾਇਦਾ ਮਾਮਲੇ ਵੀ ਦਰਜ ਹੋ ਚੁੱਕੇ ਹਨ। ਜਿਹਨਾਂ ਤਿੰਨ ਕੰਪਨੀਆਂ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ’ਚ ਫੇਜ਼-3, ਫੇਜ਼-5 ਅਤੇ ਫੇਜ਼-11 ਦੀਆਂ 3 ਕੰਪਨੀਆਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਅੱਜ ਪੀੜਤ ਲੋਕਾਂ ਵੱਲੋਂ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਕੰਪਨੀਆਂ ਦੇ ਲਾਇਸੈਂਸ ਰੱਦ ਕਰਕੇ ਇਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋੱ ਕਰਵਾਈ ਜਾਵੇ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਵਿੱਚ ਅਜਿਹੀਆਂ ਠੱਗ ਇਮੀਗਰੇਸ਼ਨ ਖ਼ਿਲਾਫ਼ ਲਗਭਗ 1400 ਦੇ ਕਰੀਬ ਮਾਮਲੇ ਦਰਜ ਹੋਏ ਹਨ। ਮੁਹਾਲੀ ਵਿੱਚ 150 ਦੇ ਕਰੀਬ ਮਾਮਲੇ ਦਰਜ ਹੋਏ ਹਨ ਪ੍ਰੰਤੂ ਹੁਣ ਤਕ ਕਿਸੇ ਵੀ ਠੱਗ ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਨਹੀਂ ਹੋਈ ਕਿਉਂਕਿ ਬਹੁਤੇ ਟਰੈਵਲ ਏਜੰਟਾਂ ਦੀ ਪ੍ਰਸ਼ਾਸਨ ਅਤੇ ਪੁਲੀਸ ਵਿੱਚ ਚੰਗੀ ਪਕੜ ਹੋਣ ਕਾਰਨ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲਦਾ।
ਸੰਪਰਕ ਕਰਨ ਤੇ ਜਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਅੱਜ ਤਿੰਨ ਇਮੀਗ੍ਰੇਸ਼ਨ ਕੰਪਨੀਆਂ ਦੇ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਇਨ੍ਹਾਂ ਇਮੀਗ੍ਰੇਸ਼ਨ ਕੰਪਨੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…