nabaz-e-punjab.com

ਪੰਜਾਬ ਵਿੱਚ ਸੀਬੀਐਸਈ ਦੀ ਤਰਜ਼ ਉੱਤੇ ਤਿਆਰ ਹੋਵੇਗਾ ਸਕੂਲੀ ਪਾਠਕ੍ਰਮ: ਓਪੀ ਸੋਨੀ

ਸਿੱਖਿਆ ਮੰਤਰੀ ਵੱਲੋਂ ਕਮੇਟੀ ਬਣਾਉਣ ਦਾ ਆਦੇਸ਼, ਸਕੂਲਾਂ ਦੀ ਰੈਗੂਲਰ ਚੈਕਿੰਗ ਲਈ ਆਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਸੀਬੀਐਸਈ ਦੀ ਤਰਜ਼ ਉਤੇ ਸਕੂਲੀ ਪਾਠਕ੍ਰਮ ਤਿਆਰ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ ਤਾਂ ਕਿ ਅਸੀਂ ਆਪਣੇ ਬੱਚਿਆਂ ਤੋਂ ਬੋਝ ਘਟਾ ਕੇ ਉਨਂਾਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇ ਸਕੀਏ। ਉਨ੍ਹਾਂ ਸਿੱਖਿਆ ਵਿਭਾਗ ਤੇ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਰਾਜ ਭਰ ਦੇ ਸਕੂਲਾਂ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਲਈ ਬੋਰਡ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਉਤੇ ਆਧਾਰਤ ਟੀਮਾਂ ਬਣਾਈਆਂ ਜਾਣ।
ਮੁਹਾਲੀ ਵਿੱਚ ਸਕੂਲ ਬੋਰਡ ਦੇ ਦਫ਼ਤਰ ਵਿੱਚ ਸਿੱਖਿਆ ਵਿਭਾਗ ਤੇ ਸਕੂਲ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਸਕੂਲਾਂ ਦੀ ਜਾਂਚ ਹਫ਼ਤੇ ਵਿੱਚ ਇਕ ਦਫ਼ਾ ਜ਼ਰੂਰ ਹੋਵੇ ਅਤੇ ਇਸ ਦੀ ਸ਼ੁਰੂਆਤ ਸਰਹੱਦੀ ਖੇਤਰ ਤੋਂ ਕੀਤੀ ਜਾਵੇ। ਉਨਂਾਂ ਬੋਰਡ ਅਧਿਕਾਰੀਆਂ ਤੋਂ ਪ੍ਰੀਖਿਆਵਾਂ ਦੀ ਤਿਆਰੀ ਬਾਬਤ ਪੁੱਛਿਆ ਅਤੇ ਕਿਹਾ ਕਿ ਪ੍ਰੀਖਿਆ ਕੇਂਦਰ ਇਸ ਤਰਂਾਂ ਬਣਾਏ ਜਾਣ ਕਿ ਵਿਦਿਆਰਥੀਆਂ ਨੂੰ ਤਿੰਨ ਤੋਂ ਪੰਜ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ।
ਇਸ ਮੌਕੇ ਸਿੱਖਿਆ ਮੰਤਰੀ ਨੇ ਆਖਿਆ ਕਿ ਪਾਠ ਪੁਸਤਕਾਂ ਛਾਪਣ ਦੇ ਖ਼ਰਚੇ ਪੰਜਾਬ ਸਰਕਾਰ ਤੋਂ ਦਿਵਾਉਣ ਲਈ ਉਹ ਯਤਨ ਕਰ ਰਹੇ ਹਨ ਅਤੇ ਜਲਦੀ ਰਕਮ ਜਾਰੀ ਹੋ ਜਾਵੇਗੀ। ਉਨਂਾਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਟੈਂਡਰ ਲਾ ਕੇ ਇਹ ਕੰਮ ਕਿਸੇ ਮਾਨਤਾ ਪ੍ਰਾਪਤ ਕੇਂਦਰੀ ਏਜੰਸੀ ਤੋਂ ਕਰਵਾਇਆ ਜਾਵੇ ਅਤੇ ਇਕ ਜ਼ਿਲਂੇ ਦਾ ਕੰਮ ਇਕੋ ਏਜੰਸੀ ਨੂੰ ਦਿੱਤਾ ਜਾਵੇ।
ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ, ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ। ਸਿੱਖਿਆ ਮੰਤਰੀ ਨੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Education and Board

Check Also

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਨਬਜ਼-ਏ…