nabaz-e-punjab.com

ਸਰਕਾਰੀ ਸਕੂਲ ਫੇਜ਼-6 ਦੇ 9ਵੀਂ ਤੇ 10ਵੀਂ ਦੇ ਬੱਚਿਆਂ ਨੂੰ ਫੇਜ਼-5 ਸਕੂਲ ਵਿੱਚ ਸ਼ਿਫ਼ਟ ਕਰਨ ਦੇ ਹੁਕਮ

ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਅਕਾਲੀ ਭਾਜਪਾ ਆਗੂਆਂ ਨੇ ਵੀ ਕੀਤਾ ਸਖ਼ਤ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਸਥਾਨਕ ਫੇਜ਼-6 ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਵੱਲੋਂ ਹੁਕਮ ਜਾਰੀ ਕਰਕੇ ਇਸ ਸਕੂਲ ਦੇ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਬਦਲੀ ਕਰ ਦਿੱਤਾ। ਜਾਣਕਾਰੀ ਅਨੁਸਾਰ ਫੇਜ਼-6 ਦੇ ਸਰਕਾਰੀ ਸਕੂਲ ਵਿੱਚ ਢੁਕਵੀਂ ਇਮਾਰਤ ਅਤੇ ਬਾਕੀ ਸਹੂਲਤਾਂ ਮੌਜੂਦ ਨਹੀਂ ਸਨ ਪ੍ਰੰਤੂ ਫਿਰ ਵੀ ਇਸ ਸਕੂਲ ਨੂੰ ਪਿਛਲੀ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਵਜੋਂ ਅਪਗਰੇਡ ਕਰ ਦਿੱਤਾ ਗਿਆ ਸੀ। ਮੇਅਰ ਧੜੇ ਦੇ ਕੌਂਸਲਰ ਆਰ.ਪੀ. ਸ਼ਰਮਾ ਨੇ ਬਹੁਤ ਮਿਹਨਤ ਕਰਕੇ ਸਕੂਲ ਨੂੰ ਹਾਈ ਸਕੂਲ ਦੀਆਂ ਸਹੂਲਤਾਂ ਦੇਣ ਲਈ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨਾਲ ਗੱਲਬਾਤ ਕੀਤੀ ਗਈ ਅਤੇ ਕੰਪਨੀ ਨੇ ਸਕੂਲ ਨੂੰ ਗੋਦ ਲੈ ਕੇ ਸਕੂਲ ਦੀ ਨੁਹਾਰ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਸਕੂਲ ਵਿੱਚ ਕੰਪਿਊਟਰ ਰੂਮ ਅਤੇ ਲੈਬ ਦੇ ਕੰਮ ਨੂੰ ਪੂਰਾ ਕਰਵਾਇਆ ਗਿਆ ਅਤੇ ਲੱਖਾਂ ਰੁਪਏ ਖਰਚ ਕੇ ਸਕੂਲ ਵਿੱਚ ਪੱਕਾ ਫਰਸ਼ ਬਣਾਇਆ ਗਿਆ। ਹੁਣ ਜਦੋਂ ਸਕੂਲ ਪੂਰੀ ਤਰ੍ਹਾਂ ਹਾਈ ਸਕੂਲ ਦੀਆਂ ਸਹੂਲਤਾਂ ਨਾਲ ਉਪਲਬਧ ਹੋ ਗਈਆਂ ਤਾਂ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ ਇਸ ਸਕੂਲ ਨੂੰ ਫਿਰ ਤੋਂ ਮਿਡਲ ਸਕੂਲ ਤੱਕ ਕਰਨ ਦਾ ਫੈਸਲਾ ਲੈ ਲਿਆ ਹੈ ਜੋ ਕਿ ਸਰਕਾਰ ਵੱਲੋੱ ਬਹੁਤ ਨਿੰਦਣਯੋਗ ਕੰਦਮ ਹੈ।
ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਇਸ ਨੂੰ ਬਦਲੇ ਦੀ ਰਾਜਨੀਤੀ ਅਤੇ ਨਾਦਰ ਸ਼ਾਹੀ ਫਰਮਾਣ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਉੱਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਦਾ ਹੋਵੇਗੀ ਕਿਉੱਕਿ ਸਕੂਲ ਦੇ ਗਰੀਬ ਬੱਚੇ ਜੋ ਕਿ ਨੇੜੇ ਦੀਆਂ ਕਲੋਨੀਆਂ ਤੋਂ ਆਉਂਦੇ ਹਨ, ਉਹ ਫੇਜ਼-5 ਦੇ ਸਕੂਲ ਤੱਕ ਨਹੀਂ ਜਾ ਸਕਣਗੇ। ਇਸ ਕਾਰਨ ਸਰਕਾਰ ਨੂੰ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ।
ਉਧਰ, ਫੇਜ਼-5 ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਫੇਜ਼-5 ਦੇ ਸਕੂਲ ਵਿੱਚ 157 ਬੱਚੇ ਹਨ ਜਦੋਂਕਿ ਫੇਜ਼-6 ਦੇ ਸਕੂਲ ਵਿੱਚ 150 ਬੱਚੇ ਪੜ੍ਹਦੇ ਹਨ ਅਤੇ ਫੇਜ਼-6 ਸਕੂਲ ਫੇਜ਼-5 ਨਾਲੋਂ ਵਧੀਆਂ ਅਤੇ ਬਿਹਤਰ ਸਹੂਲਤਾਂ ਨਾਲ ਉਪਲਬਧ ਹੈ। ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਪਿਤਾ ਸੁਰੇਸ਼ ਪਾਲ ਨੇ ਦੱਸਿਆ ਕਿ ਉਸਦੇ ਦੋ ਬੱਚੇ 8ਵੀਂ ਅਤੇ 9ਵੀਂ ਜਮਾਤ ਵਿੱਚ ਪੜ੍ਹਦੇ ਹਨ ਅਤੇ ਉਸਦੀ ਪਤਨੀ ਸਵੇਰੇ ਦੋਵਾਂ ਬੱਚਿਆਂ ਨੂੰ ਸਕੂਲ ਵਿੱਚ ਛੱਡ ਕੇ ਨੇੜੇ ਦੀਆਂ ਕੋਠੀਆਂ ਵਿੱਚ ਕੰਮ ਕਰਨ ਚੱਲੀ ਜਾਂਦੀ ਹੈ। ਕੰਮ ਤੋਂ ਵਾਪਸੀ ਸਮੇਂ ਉਹ ਸਕੂਲ ਤੋਂ ਬੱਚੇ ਘਰ ਲੈ ਆਉਂਦੀ ਹੈ। ਹੁਣ ਜੇ ਇਨ੍ਹਾਂ ਬੱਚਿਆਂ ਨੂੰ ਫੇਜ਼-5 ਵਿੱਚ ਤਬਦੀਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰੀ ਨਾਲ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਵੇਗਾ। ਭਲਕੇ 2 ਅਗਸਤ ਨੂੰ ਸਵੇਰ 7:30 ਵਜੇ ਸਮੂਹ ਬੱਚਿਆਂ ਦੇ ਮਾਤਾ ਪਿਤਾ ਸਕੂਲ ਦੇ ਗੇਟ ਤੇ ਇਕੱਠੇ ਹੋਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਉਹ ਸਰਕਾਰ ਦਾ ਵਿਰੋਧ ਵੀ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…