nabaz-e-punjab.com

ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਨੇ ਕੌਮਾਂਤਰੀ ਰੁਜ਼ਗਾਰ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਇੰਟਰਵਿਊ ਲਈ ਆਉਣ ਵਾਲੇ ਨੌਜਵਾਨਾਂ ਲਈ ਸਹਾਇਤਾ ਡੈਸਕ ’ਤੇ ਤਾਇਨਾਤ ਰਹਿਣਗੇ ਸੀਨੀਅਰ ਅਧਿਕਾਰੀ
ਰੁਜ਼ਗਾਰ ਮੇਲੇ ਵਿੱਚ ਆਉਣ ਵਾਲੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਅਤੇ ਪੀਣ ਵਾਲੇ ਪਾਣੀ ਦੀ ਕੀਤੀ ਜਾਵੇਗੀ ਵਿਵਸਥਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਪੰਜਾਬ ਸਰਕਾਰ ਵੱਲੋਂ 30 ਜੁਲਾਈ ਨੂੰ ਇੱਥੋਂ ਦੇ ਸਰਕਾਰੀ ਕਾਲਜ ਫੇਜ਼-6 ਵਿੱਚ ਹੁਨਰ ਵਿਕਾਸ ਤੇ ਉੱਦਮੀ ਵਿਭਾਗ, ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ (ਐਨਐਸਡੀਸੀ) ਅਤੇ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਹੁਨਰ ਕੌਂਸਲ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਪਹਿਲੇ ਕੌਮਾਂਤਰੀ ਰੁਜ਼ਗਾਰ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਡੀ.ਕੇ ਤਿਵਾੜੀ ਮੁਹਾਲੀ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਉਤਪਤੀ ਵਿਭਾਗ ਦੇ ਕਮਿਸ਼ਨਰ ਰਾਹੁਲ ਤਿਵਾੜੀ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਪਰਵੀਨ ਥਿੰਦ, ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਚੰਦਰ ਗੈਂਦ ਸਮੇਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਜਦੋਂਕਿ ਪ੍ਰਧਾਨਗੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ।
ਇਸ ਮੌਕੇ ਸ੍ਰੀ ਡੀ.ਕੇ ਤਿਵਾੜੀ ਨੇ ਦੱਸਿਆ ਕਿ ਮੀਂਹ ਦੇ ਮੱਦੇਨਜ਼ਰ ਨੌਕਰੀ ਲਈ ਇੰਟਰਵਿਊ ਦੇਣ ਆਉਣ ਵਾਲੇ ਨੌਜਵਾਨਾਂ ਲਈ ਵਾਟਰਪਰੂਫ ਟੈਂਟ ਲਗਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਮੇਲੇ ਵਿੱਚ 20 ਹਜ਼ਾਰ ਦੇ ਕਰੀਬ ਨੌਜਵਾਨਾਂ ਦੇ ਪਹੁੰਚਣ ਦੀ ਉਮੀਦ ਹੈ। ਜਿਨ੍ਹਾਂ ਵਾਸਤੇ ਰਿਫਰੈਸ਼ਮੈਂਟ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਸਹਾਇਤਾ ਲਈ ਰਜਿਸਟਰੇਸ਼ਨ ਲਈ ਵੱਖੋ-ਵੱਖਰੇ ਕਾਂਉਟਰ ਲਾਏ ਜਾ ਰਹੇ ਹਨ। ਜਿੱਥੇ ਸਹਾਇਤਾ ਲਈ ਤਕਨੀਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵੱਖੋ ਵੱਖ ਕੰਪਨੀਆਂ ਨੂੰ ਇੰਟਰਵਿਊ ਲਈ ਕਮਰੇ ਅਲਾਟ ਕਰ ਦਿੱਤੇ ਗਏ ਹਨ। ਜਿੱਥੇ ਇੰਟਰਵਿਊ ਦੇਣ ਵਾਲਿਆਂ ਦੇ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸਕੱਤਰ ਨੇ ਦੱਸਿਆ ਕਿ ਗਰਮੀ ਅਤੇ ਹੁੰਮਸ ਨੂੰ ਦੇਖਦਿਆਂ ਇੰਟਰਵਿਊ ਵਾਲੇ ਕਮਰਿਆਂ ਵਿਚ ਏ.ਸੀ ਅਤੇ ਪੱਖਿਆਂ ਦਾ ਖ਼ਾਸ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਨੌਜਵਾਨਾਂ ਨੂੰ ਇੰਟਰਵਿਊ ਦੇ ਦੋ ਪੜਾਵਾਂ ਵਿਚੋਂ ਲੰਘਣਾ ਪਵੇਗਾ, ਜਿਸ ਤੋਂ ਬਾਅਦ ਹੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਨੌਕਰੀ ਲਈ ਇੰਟਰਵਿਊ ਦੇਣ ਆਉਣ ਵਾਲੇ ਉਮੀਦਵਾਰਾਂ ਦੇ ਪੂਰੇ ਦਸਤਾਵੇਜ਼ ਚੈੱਕ ਕਰਨ ਉਪਰੰਤ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਮੀਟਿੰਗ ਵਿੱਚ ਏਡੀਸੀ ਚਰਨਦੇਵ ਸਿੰਘ ਮਾਨ, ਐਸਡੀਐਮ ਜਗਦੀਪ ਸਹਿਗਲ, ਆਰਟੀਓ ਸੁਖਵਿੰਦਰ ਕੁਮਾਰ ਸਮੇਤ ਤਕਨੀਕੀ ਸਿੱਖਿਆ, ਲੋਕ ਨਿਰਮਾਣ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਨਗਰ ਨਿਗਮ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…