nabaz-e-punjab.com

ਪਿੰਡ ਮਿਲਖ ਦੀ ਮਹਿਲਾ ਸਰਪੰਚ ਸਤਨਾਮ ਕੌਰ ਤੇ ਪੰਚ ਮੇਵਾ ਸਿੰਘ ਮੁੜ ਬਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸਿਬਿਨ ਸੀ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਆਉਂਦੇ ਪਿੰਡ ਮਿਲਖ ਦੀ ਮਹਿਲਾ ਸਰਪੰਚ ਬੀਬੀ ਸਤਨਾਮ ਕੌਰ ਅਤੇ ਮੈਂਬਰ ਪੰਚਾਇਤ ਮੇਵਾ ਸਿੰਘ ਨੂੰ ਮੁੜ ਬਹਾਲ ਕਰ ਦਿੱਤਾ ਹੈ। ਡਾਇਰੈਕਟਰ ਨੇ ਮਹਿਲਾ ਸਰਪੰਚ ਅਤੇ ਪੰਚ ਦੀ ਬਹਾਲੀ ਦੇ ਹੁਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ ਦੀ ਰਿਪੋਰਟ ਨੂੰ ਪੜਤਾਲੀਆਂ ਆਧਾਰ ਬਣਾ ਕੇ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ 15 ਦਸੰਬਰ 2017 ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਪਿੰਡ ਮਿਲਖ ਦੀ ਗਰਾਮ ਪੰਚਾਇਤ ਦੀ ਸਰਪੰਚ ਸਤਨਾਮ ਕੌਰ ਅਤੇ ਪੰਚ ਮੇਵਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਰ ਰਹੇ ਸਨ। ਲੇਕਿਨ ਬਾਅਦ ਵਿੱਚ ਇਸ ਦੀ ਮਾਮਲੇ ਦੀ ਜਾਂਚ ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸੌਪੀ ਗਈ ਸੀ। ਜਾਂਚ ਵਿੱਚ ਮਹਿਲਾ ਸਰਪੰਚ ਅਤੇ ਪੰਚ ਉੱਤੇ ਲਗਾਏ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ ਝੂਠੇ ਪਾਏ ਗਏ। ਏਡੀਸੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਵਿੱਚ ਕੋਈ ਸਚਾਈ ਨਹੀਂ ਹੈ ਅਤੇ ਇਹ ਸ਼ਿਕਾਇਤ ਪਾਰਟੀਬਾਜ਼ੀ ਹੋਣ ਕਰਕੇ ਕੀਤੀ ਗਈ ਜਾਪਦੀ ਹੈ। ਇਸ ਲਈ ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਤਨਾਮ ਕੌਰ ਸਰਪੰਚ ਅਤੇ ਪੰਚ ਮੇਵਾ ਸਿੰਘ ਗਰਾਮ ਪੰਚਾਇਤ ਮਿਲਖ ਨੂੰ ਦੁਬਾਰਾ ਉਨ੍ਹਾਂ ਦੇ ਅਹੁਦਿਆ ’ਤੇ ਬਹਾਲ ਕਰਨ ਦੀ ਸਿਫਾਰਸ਼ ਕੀਤੀ ਗਈ। ਨਵੇਂ ਸਿਰਿਓਂ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸਿਬਿਨ ਸੀ ਨੇ ਮਹਿਲਾ ਸਰਪੰਚ ਸਤਨਾਮ ਕੌਰ ਅਤੇ ਪੰਚ ਮੇਵਾ ਸਿੰਘ ਨੂੰ ਮੁੜ ਉਨ੍ਹਾਂ ਦੇ ਅਹੁਦਿਆਂ ’ਤੇ ਬਹਾਲ ਕਰ ਦਿੱਤਾ ਹੈ।
ਉਧਰ, ਮੈਂਬਰ ਪੰਚਾਇਤ ਮੇਵਾ ਸਿੰਘ ਨੇ ਮਹਿਲਾ ਸਰਪੰਚ ਅਤੇ ਆਪਣੀ ਬਹਾਲੀ ਦੇ ਹੁਕਮਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਚਾਈ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਰਟੀਬਾਜ਼ੀ ਹੋਣ ਕਾਰਨ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਪਿੰਡ ਦੇ ਵਿਕਾਸ ਵਿੱਚ ਅੜਿੱਕੇ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…