‘ਪੁਰਾਣੀ ਤਕਨੀਕ ਦੇ ਆਸਰੇ ਨਹੀਂ ਭਰੀ ਜਾ ਸਕਦੀ, ਨਵੀਂ ਪਰਵਾਜ਼’: ਤਰਕਸ਼ੀਲ ਆਗੂ

ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਮਈ:
ਲੋਟੂ ਪਰਜ਼ੀਵੀ-ਤਾਕਤਾਂ ਖਿਲਾਫ ਲੋਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੇ ਚੰਡੀਗੜ੍ਹ ਜ਼ੋਨ ਵੱਲੋਂ ਤਿੰਨ ਵਿਭਾਗਾਂ ਦੀ ਸਾਂਝੀ ਵਰਕਸ਼ਾਪ ਖਰੜ ਵਿਖੇ ਲਗਾਈ ਗਈ ਜਿਸ ਵਿੱਚ ਸਾਰੀਆਂ ਇਕਾਈਆਂ ਦੇ ਮੀਡੀਆ ਵਿਭਾਗ, ਸੱਭਿਆਚਾਰਿਕ ਵਿਭਾਗ ਅਤੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸ਼ਾਮਿਲ ਹੋਏ । ਇਸ ਵਰਕਸ਼ਾਪ ਦੇ ਪਹਿਲੇ ਸ਼ੈਸਨ ਦੌਰਾਨ ਜ਼ੋਨ ਚੰਡੀਗੜ੍ਹ ਦੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੰਦੀਪ ਬੱਸੀ ਪਠਾਣਾ ਨੇ ਦੱਸਿਆ ਕਿ ਇੱਟਾਂ-ਰੋੜੇ ਵੱਜਣੇ, ਖੂਨ ਦੇ ਛਿੱਟੇ ਡਿੱਗਣੇ, ਸਿਰ ਘੁਮਾਉਣਾਂ, ਦੰਦਲ਼-ਦੌਰੇ ਪੈਣੇ, ਸਹੀਦਾਂ ਦੀ ਕਸਰ, ਪੀਰ ਦਾ ਰੂਪ ਧਾਰ ਕੇ ਖੇਡਣਾ ਆਦਿ ਕਿਸੇ ਗੈਬੀ ਸ਼ਕਤੀ, ਪ੍ਰੇਤ-ਸ਼ਾਇਆ ਜਾਂ ਓਪਰੀ ਕਸਰ ਕਰਕੇ ਨਹੀਂ ਬਲਕਿ ਇਹ ਸਭ ਮਾਨਸਿਕ ਰੋਗਾਂ ਦੀਆਂ ਹੀ ਵੱਖ-ਵੱਖ ਕਿਸਮਾਂ ਹਨ। ਜਿਨ੍ਹਾਂ ਦਾ ਇਲਾਜ ਸਾਧਾਂ-ਤਾਂਤਰਿਕਾਂ ਦੀ ਬਜਾਇ ਮਨੋਰੋਗਾਂ ਦੇ ਮਾਹਿਰ ਡਾਕਟਰ ਦੁਆਰਾ ਹੀ ਸੰਭਵ ਹੈ। ੳਨਾਂ ਕਿਹਾ ਕਿ ਤਰਕਸ਼ੀਲਾਂ ਦਾ ਕੰਮ ਵੀ ਮਰੀਜਾਂ ਨੂੰ ਸਹੀ ਸਲਾਹ ਦੇਕੇ ਡਾਕਟਰੀ ਇਲਾਜ ਵਾਸਤੇ ਪ੍ਰੇਰਿਤ ਕਰਨਾ ਹੈ ਤਾਂਕਿ ਭੋਲ਼ੇ-ਭਾਲ਼ੇ ਲੋਕ ਅਖੌਤੀ ਸਿਆਣਿਆਂ ਦੇ ਚੁੰਗਲ ਵਿੱਚ ਫਸਣ ਤੋਂ ਬਚ ਸਕਣ।ੳਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਜ਼ੋਨ ਪੱਧਰੀ ‘ਮਾਨਸਿਕ ਸਿਹਤ ਚੇਤਨਾ ਕੇਂਦਰ’ ਖੋਲਣ ਦੀ ਯੋਜਨਾ ਹੈ।
ਇਸ ਵਰਕਸ਼ਾਪ ਦੇ ਦੁਜੇ ਸੈਸ਼ਨ ਵਿੱਚ ਜ਼ੋਨ ਦੇ ਮੀਡੀਆ ਮੁਖੀ ਸਤਨਾਮ ਦਾਊਂ ਨੇ ਕਿਹਾ ਕਿ ਕਿਸੇ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਸਾਨੂੰ ਪ੍ਰਿੰਟ-ਮੀਡੀਆ ਦੇ ਨਾਲ਼-ਨਾਲ਼ ਇਲੈਕਟ੍ਰਾਨਿਕ ਮੀਡੀਆਂ ਵਿੱਚ ਵੀ ਆਪਣੀ ਜਗ੍ਹਾ ਬਣਾਉਣੀ ਪਵੇਗੀ। ਇਸ ਸੈਸਨ ਵਿੱਚ ਇਕਾਈ ਮੋਹਾਲ਼ੀ ਦੇ ਸਾਬਕਾ ਮੀਡੀਆ ਮੁਖੀ ਹਰਪ੍ਰੀਤ ਨੇ ਜੋਨ ਦੀਆਂ ਵੱਖ ਵੱਖ ਇਕਾਈਆਂ ਦੇ ਮੀਡੀਆ ਮੁਖੀਆਂ ਨੂੰ ਕੰਮ ਕਰਨ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਲੋੜ ਤਾਂ ਸਿਰਫ ਸੁਰੂਆਤ ਕਰਨ ਦੀ ਹੁੰਦੀ ਹੈ ਅੱਗੇ ਰਸਤਾ ਆਪਣੇ ਆਪ ਬਣਦਾ ਚਲਿਆ ਜਾਂਦਾ ਹੈ।ਸ੍ਰੀ ਹਰਪ੍ਰੀਤ ਨੇ ਕਿਹਾ ਕਿ ਮੀਡੀਆ ਮੁਖੀਆਂ ਵਾਸਤੇ ਰੋਜਾਨਾਂ ਦੀਆਂ ਅਖਬਾਰਾਂ ਪੜ੍ਹਨਾ ਅਤੇ ਟੈਲੀਵਿਜਨ ਦੀਆਂ ਖਬਰਾਂ ਅਤੇ ਦੁਨੀਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਰੱਖਣੀ ਬਹੁਤ ਜਰੂਰੀ ਹੈ। ਉਨਾਂ ਨੇ ਮੈਂਬਰਾਂ ਨਾਲ ਨਵੀਆਂ ਤਕਨੀਕਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਟੈਕਨੋਲਾਜ਼ੀ ਦੇ ਯੁੱਗ ਵਿੱਚ ਪੁਰਾਣੀ ਤਕਨੀਕ ਦੇ ਸਹਾਰੇ ਅੱਗੇ ਵਧਣਾ ਸੰਭਵ ਹੀ ਨਹੀਂ।ਇਸ ਮੌਕੇ ਉਨਾਂ ਨੇ ਪ੍ਰਾਜੈਕਟਰ ਰਾਹੀਂ ਮੀਡੀਆ ਮੁਖੀਆਂ ਨੂੰ ਨਵੇਂ ਸ਼ਾਫਟਵੇਅਰਾਂ, ਫੌਟਾਂ, ਭਾਸ਼ਾ ਕਨਵਰਟਰਾਂ, ਦੀ ਜਾਣਕਾਰੀ ਵੀ ਦਿੱਤੀ।
ਤੀਜੇ ਸੈਸਨ ਵਿੱਚ ਜ਼ੋਨ ਦੇ ਸੱਭਿਆਚਾਰਿਕ ਵਿਭਾਗ ਦੇ ਮੁਖੀ ਬਲਦੇਵ ਜਲਾਲ ਨੇ ਕਿਹਾ ਕਿ ਸੱਭਿਆਚਾਰ ਦਾ ਮਤਲਬ ਸਿਰਫ ਚਰਖੇ, ਖੂਹ, ਹਲ਼-ਪੰਜਾਲ਼ੀਆਂ ਜਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੀ ਨਹੀਂ ਹੁੰਦਾ ਜਿਵੇਂ ਕਿ ਅਕਸਰ ਅਜੋਕੀ ਗਾਇਕੀ ਵਿੱਚ ਪਰੋਸਿਆ ਜਾਂਦਾ ਹੈ। ਬਲਕਿ ਇਹ ਮਨੁੱਖ ਵੱਲੋਂ ਆਪਣੇ ਜੀਵਨ ਨੂੰ ਸੁਖਾਲ਼ਾ ਬਣਾੳਣ ਵਾਸਤੇ ਵੱਖ-ਵੱਖ ਖੇਤਰਾਂ ਵਿੱਚ ਅਪਣਾਏ ਢੰਗ-ਤਰੀਕਿਆਂ ਦਾ ਕੁਲ ਜੋੜ ਹੁੰਦਾ ਹੈ। ਉਨਾਂ ਕਿਹਾ ਕਿ ਸੱਭਿਆਚਾਰ ਕੋਈ ਜੜ੍ਹ ਚੀਜ ਵੀ ਨਹੀਂ ਹੁੰਦਾ ਬਲਕਿ ਇਹ ਸਮੇਂ ਦੇ ਨਾਲ਼-ਨਾਲ਼ ਬਦਲਦਾ ਰਹਿੰਦਾ ਹੈ। ਇਸ ਮੌਕੇ ਉਨਾਂ ਆਪਣੇ ਵਿਭਾਗ ਦੀ ਭਵਿੱਖੀ ਵਿਊਂਤਬੰਦੀ ਦਾ ਜਿਕਰ ਕਰਦਿਆਂ ਦੱਸਿਆ ਕਿ ਸੱਭਿਆਚਾਰਿਕ ਵਿਸੇ ਉੱਤੇ ਸੈਮੀਨਾਰ ਕਰਵਾਉਣੇ, ਜਾਦੂ ਦੀਆਂ ਟੀਮਾਂ ਦਾ ਗਠਨ ਕਰਨਾ, ਨੁੱਕੜ ਨਾਟਕਾਂ ਦਾ ਮੰਚਨ, ਵੱਧ ਤੋਂ ਵੱਧ ਲੋਕਾਂ ਨੂੰ ਪ੍ਰਾਜੈਕਟਰ ਦੁਆਰਾ ਤਰਕਸ਼ੀਲ ਨਾਟਕ ਦਿਖਾਉਣੇ, ਤਰਕਸ਼ੀਲ ਲੋਕਾਂ ਦੀਆਂ ਪਰਿਵਾਰਿਕ ਕਰਵਾਉਣੀਆਂ, ਤਰਕਸੀਲ਼ ਕਾਫਲੇ ਕੱਢਣੇ ਅਤੇ “ਮੈਗਜ਼ੀਨ ਹਫਤਾ” ਆਦਿ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਜ਼ੋਨ ਮੁਖੀ ਪ੍ਰਿਸੀਪਲ ਗੁਰਮੀਤ ਖਰੜ ਤੋਂ ਇਲਾਵਾ ਵੱਖ-ਵੱਖ ਇਕਾਈਆਂ ਦੇ ਨੁਮਾਂਇਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…