ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਮੰਗਾਂ ਸਬੰਧੀ ਮੁਹਾਲੀ ਵਿੱਚ ਰੋਸ ਰੈਲੀ

ਫਰਵਰੀ ਦੀ ਤਨਖਾਹ ਨਾ ਮਿਲੀ ਤਾਂ 1 ਮਾਰਚ ਤੋਂ ਲੜੀਵਾਰ ਹੜਤਾਲ ਸ਼ੁਰੂ ਕਰਨਗੇ ਮੂਹ ਡੀਸੀ ਦਫ਼ਤਰਾਂ ਦੇ ਕਰਮਚਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਕਲਾਸ-ਫੌਰ ਅਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੱਦੇ ਤੇ ਮੁਲਾਜ਼ਮਾਂ ਵੱਲੋੱ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਕੇੱਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਛੇਤੀ ਮੰਗਾਂ ਨਾ ਮੰਨੀਆਂ ਤਾਂ ਚੰਡੀਗੜ੍ਹ ਵਿੱਚ ਚੱਲ ਰਹੀ ਭੁੱਖ ਹੜਤਾਲ ਮਰਨ ਵਰਤ ਵਿੱਚ ਬਦਲ ਦਿੱਤਾ ਜਾਵੇਗਾ। ਇਹ ਮਰਨ ਵਰਤ ਮੁਲਾਜ਼ਮਾਂ ਦੇ ਮੁੱਖ ਆਗੂ ਸਾਥੀ ਸੱਜਨ ਸਿੰਘ ਸ਼ੁਰੂ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਇਸ ਰੈਲੀ ਵਿੱਚ ਮੰਗ ਕੀਤੀ ਗਈ ਕਿ 19 ਦਸੰਬਰ 2016 ਨੂੰ ਵਿਧਾਨ ਸਭਾ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਪਾਸ ਕੀਤੇ ਗਏ ਐਕਟ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਸੁਵਿਧਾ ਕੇੱਦਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਡਿਊਟੀ ਤੇ ਲਿਆ ਜਾਵੇ।
ਮੁਲਾਜ਼ਮ ਆਗੂਆਂ ਤੇ ਬਣਾਏ ਪੁਲੀਸ ਕੇਸ ਵਾਪਿਸ ਲਏ ਜਾਣ, ਮੁਲਾਜ਼ਮਾਂ ਦਾ 125‚ ਮਹਿੰਗਾਈ ਭੱਤਾ ਮੁੱਢਲੀ ਤਨਖਾਹ ਵਿੱਚ ਮਰਜ ਕੀਤਾ ਜਾਵੇ। ਇਸ ਰੈਲੀ ਨੂੰ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ, ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮੋਹਣ ਸਿੰਘ, ਸੋਭਾ ਰਾਮ, ਪਵਨ ਗੋਡਯਾਲ, ਚੇਅਰਮੈਨ ਗੁਰਪ੍ਰੀਤ ਸਿੰਘ, ਕਲਾਸ-ਫੌਰ ਦੇ ਪ੍ਰੇਮ ਚੰਦ ਸ਼ਰਮਾ, ਸੁਵਿਧਾ ਕੇਂਦਰਾਂ ਦੇ ਮੁਲਾਜ਼ਮ ਆਗੂ ਚਰਨਜੀਤ ਸਿੰਘ, ਰਮਸਾ ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮਾਂ ਦੇ ਆਗੂ ਰਮਨ ਕੁਮਾਰ ਨੇ ਸੰਬੋਧਨ ਕੀਤਾ। ਰੈਲੀ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਪੁੱਡਾ ਭਵਨ ਚੌਕ ’ਤੇ ਮੁਜ਼ਾਹਰਾ ਕੀਤਾ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਅਰਥੀਆਂ ਸਾੜ ਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਉਧਰ, ਸਮੂਹ ਡੀਸੀ ਆਫਿਸ ਐਂਪਲਾਈਜ ਯੂਨੀਅਨ ਮੁਹਾਲੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪੰਜਾਬ ਚੇਅਰਮੈਨ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਮਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਦਾ ਬਜਟ ਅਜੇ ਤੱਕ ਨਹੀਂ ਦਿੱਤਾ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ 5 ਫੀਸਦੀ ਅੰਤਰਿਮ ਰਾਹਤ ਦਾ ਬਜਟ ਵੀ ਨਹੀਂ ਦਿੱਤਾ, ਜਿਸ ਕਰਕੇ ਫਰਵਰੀ ਮਹੀਨੇ ਦੀ ਤਨਖ਼ਾਹ ਰੁਕਣ ਦੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਤਨਖਾਹ ਦਾ ਬਜਟ ਅਤੇ ਅੰਤਰਿਮ ਰਾਹਤ ਨਾ ਦੇਣ ਲਈ ਨਿਖੇਧੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਜੇ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲੀ ਤਾਂ 1 ਮਾਰਚ ਕਲਮ ਛੋਡ ਹੜਤਾਲ ਕੀਤੀ ਜਾਵੇਗੀ, ਜਿਸ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੁਹਾਲੀ ਜਿਲ੍ਹੇ ਦੇ ਸਕੱਤਰ ਕੁਲਦੀਪ ਚੰਦ ਅਤੇ ਮੈਂਬਰ ਭੁਪਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…