ਪਿੰਡ ਹਰਲਾਲਪੁਰ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਬੀਮਾਰੀ ਫੈਲਣ ਦਾ ਡਰ

ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਫਰਵਰੀ:
ਖਰੜ ਨਗਰ ਕੌਂਸਲ ਦੀ ਹੱਦ ਅੰਦਰ ਪੈਂਦੇ ਪਿੰਡ ਹਰਲਾਲਪੁਰ/ਵਾਰਡ ਨੰਬਰ-4 ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪਿੰਡ ਵਿੱਚ ਬੀਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੰਧਲੇ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਇਸ ਸਮੱਸਿਆ ਦੇ ਸਥਾਈ ਹੱਲ ਲਈ ਨਗਰ ਕੌਂਸਲ ਖਰੜ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹੈ।
ਪਿੰਡ ਵਾਸੀ ਅਮਰਜੀਤ ਸਿੰਘ, ਰਮੇਸ਼ ਸਿੰਘ, ਬਲਬੀਰ ਕੌਰ, ਹਰਦੀਪ ਕੌਰ, ਸ਼ਮਸ਼ੇਰ ਕੌਰ ਹਰਦੀਪ ਸਿੰਘ, ਜਸਪਾਲ ਕੌਰ ਅਤੇ ਪ੍ਰਭਜੋਤ ਸਿੰਘ ਨੇ ਪਿੰਡ ਵਿੱਚ ਟੁੱਟੀਆਂ ਰਾਹੀਂ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਸਪਲਾਈ ਵਿੱਚ ਅੱਜ ਸਵੇਰੇ ਜੋ ਗੰਦਾ ਪਾਣੀ ਆਇਆ ਦੀਆਂ ਬੋਤਲਾਂ ਭਰ ਕੇ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਲਗਭਗ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਦੇ ਘਰਾਂ ਵਿਚ ਲੱਗੀਆਂ ਸਰਕਾਰੀ ਟੂਟੀਆਂ ਵਿਚੋਂ ਇਹੋ ਜਿਹਾ ਗੰਦਾ ਪਾਣੀ ਆ ਰਿਹਾ ਹੈ। ਇਸ ਸਮੱਸਿਆ ਲਈ ਉਹ ਨਗਰ ਕੌਸਲ ਅਤੇ ਕੌਂਸਲਰ ਨੂੰ ਦੱਸ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਿਹਾ ਪਸ਼ੂਆਂ ਦੇ ਪੀਣ ਲਾਇਕ ਵੀ ਨਹੀਂ ਹੈ। ਗੰਦੇ ਪਾਣੀ ਦੀ ਸਪਲਾਈ ਕਾਰਨ ਘਰਾਂ ਵਿੱਚ ਲਗਾਏ ਹੋਏ ਆਰਓ ਸਿਸਟਮ ਵੀ ਖ਼ਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਟੋਭੇ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖਰਾਬ ਹੋ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਮੋਟਰ ਨਾਲ ਭਰੇ ਹੋਏ ਪਾਣੀ ’ਚੋਂ ਕੁਝ ਘੰਟਿਆਂ ਬਾਅਦ ਹੀ ਬਦਬੂ ਆਉਣ ਲੱਗ ਜਾਂਦੀ ਹੈ। ਘਰਾਂ ਵਿੱਚ ਲਗਾਈਆਂ ਹੋਈਆਂ ਸਮਰਸੀਬਲ ਮੋਟਰਾਂ ਦਾ ਪਾਣੀ ਨਾਲ ਕੰਮ ਚਲਾਇਂਆ ਜਾ ਰਿਹਾ ਹੈ ਪਰ ਉਨ੍ਹਾਂ ਦਾ ਵੀ ਪਾਣੀ ਦੋ ਦਿਨਾਂ ਬਾਅਦ ਖਰਾਬ ਹੋ ਜਾਂਦਾ ਹੈ। ਪਿੰਡ ਨਿਵਾਸੀਆਂ ਦਾ ਕਹਿਣਾ ਜੇਕਰ ਪਾਣੀ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਪਿੰਡ ਵਿਚ ਭਿਆਨਕ ਬਿਮਾਰੀ ਫੈਲ ਸਕਦੀ ਹੈ ਜਿਸਦੀ ਸਾਰੀ ਜਿੰਮੇਵਾਰੀ ਨਗਰ ਕੌਸਲ ਦੀ ਹੋਵੇਗੀ। ਉਨ੍ਹਾਂ ਨਗਰ ਕੌਂਸਲ ਖਰੜ ਤੋਂ ਇਹ ਵੀ ਮੰਗ ਕੀਤੀ ਕਿ ਟੋਭੇ ਦੇ ਪਾਣੀ ਦੇ ਨਿਕਾਸ ਵੀ ਕੀਤਾ ਜਾਵੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪਿੰਡ ਵਾਸੀਆਂ ਨੂੰ ਯਕੀਨੀ ਬਣਾਈ ਜਾਵੇ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…