ਪਿੰਡ ਸੋਹਾਣਾ ਦੇ ਵਸਨੀਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ, ਦਸਤ ਉਲਟੀਆਂ ਤੋਂ ਪੀੜਤ ਹਨ ਦਰਜਨ ਤੋਂ ਵੱਧ ਲੋਕ

ਜਲ ਸਪਲਾਈ ਵਿਭਾਗ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੀਤਾ ਪਾਈਪਲਾਈਨਾਂ ਦਾ ਨਿਰੀਖਣ, ਅੱਜ ਮੁੜ ਹੋਵੇਗਾ ਸਰਵੇ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜੂਹ ਵਿੱਚ ਵਸਦੇ ਪਿੰਡ ਸੋਹਾਣਾ ਦੇ ਬਾਸ਼ਿੰਦੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਜਿਸ ਕਾਰਨ ਕਾਫੀ ਲੋਕ ਦਸਤ ਉਲਟੀਆਂ ਤੋਂ ਪੀੜਤ ਹਨ। ਰੋਜ਼ਾਨਾ ਹੀ ਹੈਜ਼ੇ ਤੋਂ ਪੀੜਤ ਡਿਸਪੈਂਸਰੀ ਵਿੱਚ ਇਲਾਜ ਲਈ ਪਹੁੰਚ ਰਹੇ ਹਨ। ਇਸ ਦੌਰਾਨ ਜਲ ਸਪਲਾਈ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਦੇ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਪਿੰਡ ਵਿੱਚ ਕਈ ਥਾਵਾਂ ’ਤੇ ਸੀਵਰੇਜ ਦੀ ਲਾਈਨ ਬੰਦ ਪਈ ਸੀ ਅਤੇ ਕੁੱਝ ਥਾਵਾਂ ’ਤੇ ਗੰਦੇ ਪਾਣੀ ਦੇ ਨਾਲੀਆਂ ’ਚੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਲੰਘ ਰਹੀਆਂ ਸਨ।
ਉਧਰ, ਲੇਬਰਫੈੱਡ ਪੰਜਾਬ ਦੇ ਐਮ.ਡੀ ਪਰਵਿੰਦਰ ਸਿੰਘ ਬੈਦਵਾਨ, ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਬੀਬੀ ਕਮਲਜੀਤ ਕੌਰ ਅਤੇ ਨੰਬਰਦਾਰ ਹਰਸੰਗਤ ਸਿੰਘ ਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੋਹਾਣਾ ਨਗਰ ਨਿਗਮ ਅਧੀਨ ਹੈ ਜਦੋਂ ਕਿ ਪਾਣੀ ਦੀ ਸਪਲਾਈ ਅਤੇ ਸੀਵਰੇਜ ਜਲ ਸਪਲਾਈ ਵਿਭਾਗ ਕੋਲ ਹੈ। ਉਨ੍ਹਾਂ ਕਿਹਾ ਕਿ ਦੋਵਾਂ ਵਿਭਾਗਾਂ ਵਿੱਚ ਆਪਸੀ ਤਾਲਮੇਲ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਈ ਥਾਵਾਂ ’ਤੇ ਵਾਟਰ ਸਪਲਾਈ ਲਾਈਨ ਦੇ ਨੇੜਿਓਂ ਲੰਘਦੀ ਸੀਵਰੇਜ ਲਾਈਨ ਬੰਦ ਪਈ ਹੈ। ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਸੀਵਰੇਜ ਲਾਈਨ ਲੀਕ ਹੋ ਕੇ ਸੀਵਰੇਜ ਦਾ ਗੰਦਾ ਪਾਦੀ ਵਾਟਰ ਸਪਲਾਈ ਲਾਈਨ ਵਿੱਚ ਰਿਸ ਰਿਹਾ ਹੈ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਕੌਂਸਲਰਾਂ ਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆਂ ਜਾਵੇਗਾ।
ਜਾਣਕਾਰੀ ਅਨੁਸਾਰ ਪਿੰਡ ਸੋਹਾਣਾ ਵਿੱਚ ਕੁੱਝ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪੇਟ ਦਰਦ, ਦਸਤ ਅਤੇ ਉਲਟੀਆਂ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਿੱਚ ਵਾਧਾ ਹੋਣ ਕਾਰਨ ਪਿੰਡ ਵਿੱਚ ਬੀਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਸੀ। ਪਿਛਲੇ ਦੋ ਦਿਨਾਂ ਵਿੱਚ ਇੱਕ ਹੀ ਮੁਹੱਲੇ ’ਚੋਂ ਲਗਾਤਾਰ ਪੇਚਸ਼ ਤੋਂ ਪੀੜਤ ਦੋ ਦਰਜਨ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਡਾਕਟਰ ਇਸ ਦਾ ਕਾਰਨ ਦੂਸ਼ਿਤ ਪਾਣੀ ਦੱਸ ਰਹੇ ਹਨ। ਬੁੱਧਵਾਰ ਨੂੰ ਦਰਜਨ ਤੋਂ ਵੱਧ ਪੀੜਤਾਂ ਤੋਂ ਦਵਾਈ ਦਿੱਤੀ ਗਈ ਸੀ ਅਤੇ ਬੀਤੇ ਦਿਨੇ 9 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਇੱਕ ਪੀੜਤ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਧਰ, ਸਿਹਤ ਵਿਭਾਗ ਦੇ ਇੰਸਪੈਕਟਰ ਦਿਨੇਸ਼ ਚੌਧਰੀ ਨੇ ਦੱਸਿਆ ਕਿ ਇਨੀ ਦਿਨੀਂ ਪਿੰਡ ਵਿੱਚ ਦਸਤ ਅਤੇ ਉਲਟੀਆਂ ਦੇ ਮਰੀਜ਼ਾਂ ਦੀ ਗਿਣਤੀ ਅਚਾਨਕ ਕਾਫੀ ਵੱਧ ਗਈ ਸੀ ਲੇਕਿਨ ਹੁਣ ਕੁੱਝ ਹੱਦ ਤੱਕ ਸਥਿਤੀ ਕਾਬੂ ਹੇਠ। ਉਨ੍ਹਾਂ ਦੱਸਿਆ ਕਿ ਪਿੰਡ ’ਚੋਂ ਵੱਖ-ਵੱਖ ਥਾਵਾਂ ਤੋਂ 5 ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਭਲਕੇ 11 ਫਰਵਰੀ ਨੂੰ ਆਂਗਨਵਾੜੀ ਵਰਕਰਾਂ, ਪਿੰਡ ਦੇ ਕੌਂਸਲਰਾਂ, ਨੰਬਰਦਾਰਾਂ ਅਤੇ ਪਤਵੰਤਿਆਂ ਦੀ ਮੀਟਿੰਗ ਸੱਦੀ ਗਈ ਹੈ। ਇਸ ਮਗਰੋਂ ਆਂਗੜਵਾੜੀ ਵਰਕਰਾਂ ਨੂੰ ਪ੍ਰਭਾਵਿਤ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਸਰਵੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਸ਼ਨਿਚਰਵਾਰ ਨੂੰ ਮੈਡੀਕਲ ਕੈਂਪ ਲਗਾ ਕੇ ਪੀੜਤ ਵਿਅਕਤੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਂਜ ਉਨ੍ਹਾਂ ਦੱਸਿਆ ਕਿ ਪਿਛੇ ਜਿਹੇ ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸੈਂਪਲ ਭਰੇ ਗਏ ਸੀ। ਜਿਨ੍ਹਾਂ ’ਚੋਂ ਕਾਫੀ ਸੈਂਪਲ ਫੇਲ ਹੋ ਗਏ ਸੀ।
ਉਧਰ, ਅਧਿਕਾਰੀਆਂ ਨੇ ਅਜਿਹੇ ਕਈ ਕੁਨੈਕਸ਼ਨਾਂ ਨੂੰ ਬੰਦ ਕਰਕੇ ਲੋਕਾਂ ਦੇ ਘਰਾਂ ਨੂੰ ਹੋਰ ਪਾਸਿਓਂ ਸਪਲਾਈ ਦਿੱਤੀ ਗਈ ਹੈ। ਪ੍ਰੰਤੂ ਅੱਜ ਵੀ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋਇਆ ਪਾਣੀ ਵਰਤੋਂ ਯੋਗ ਨਹੀਂ ਸੀ। ਪਾਣੀ ’ਚੋਂ ਅਜੀਬ ਕਿਸਮ ਦੀ ਬਦਬੂ ਆ ਰਹੀ ਸੀ। ਪਿੰਡ ਵਾਸੀਆਂ ਨੇ ਉਹ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…