ਸਮਾਜ ਸੇਵਕਾ ਤੇ ਅਦਾਕਾਰਾ ਕੁਲਵੀਰ ਕਪੂਰ ਨੇ ਰਾਜਨੀਤੀ ਤੋਂ ਸੰਨਿਆਸ ਲਿਆ

ਕਿਹਾ “ਆਖ਼ਰੀ ਸਾਹ ਤੱਕ ਪਹਿਲਾਂ ਵਾਂਗ ਕਰਦੀ ਰਹਾਂਗੀ ਜਨਤਾ ਦੀ ਸੇਵਾ”

ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਆਲ ਇੰਡੀਆ ਰੇਡੀਓ ਚੰਡੀਗੜ੍ਹ ਦੀ ਸੇਵਾਮੁਕਤ ਸੀਨੀਅਰ ਬ੍ਰਾਡਕਾਸਟਰ, ਮਸ਼ਹੂਰ ਅਦਾਕਾਰਾ ਅਤੇ ਸਮਾਜ ਸੇਵਕਾ ਕੁਲਵੀਰ ਕਪੂਰ ਨੇ ਸਮਾਜਿਕ ਸਥਿਤੀ ਅਤੇ ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਦੁਖੀ ਹੋ ਕੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਛੱਡ ਰਹੀ ਹਨ, ਪਰ ਜਨਤਾ ਦੀ ਸੇਵਾ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਸਿਆਸੀ ਮੰਚ ਦੇ ਜਾਰੀ ਰੱਖਣਗੇ।
‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੁਲਵੀਰ ਕਪੂਰ ਨੇ ਕਿਹਾ, “ਮੈਂ ਰਾਜਨੀਤੀ ਵਿਚ ਇਸ ਲਈ ਆਈ ਸੀ ਤਾਂ ਜੋ ਇਕ ਵੱਡੇ ਪੱਧਰ ‘ਤੇ ਲੋਕਾਂ ਦੀ ਸੇਵਾ ਕਰ ਸਕਾਂ, ਪਰ ਅੱਜ ਦੇਸ਼ ਵਿਚ ਜਿਸ ਤਰ੍ਹਾਂ ਬਹਾਨਿਆਂ ਨਾਲ ਹੜਕੰਪ ਮਚਾਇਆ ਜਾ ਰਹਾ ਹੈ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਜਦੋਂ ਕੋਈ ਵੀ ਮੁੱਖ ਮੁੱਦਾ ਪਹਿਲਾਂ ਹੀ ਸੁਲਝ ਗਿਆ ਹੁੰਦਾ ਹੈ, ਤਾਂ ਵੀ ਉਸ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੇ ਪ੍ਰਦਰਸ਼ਨਾਂ ਨਾਲ ਦੇਸ਼ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਆਮ ਜਨਤਾ ਖੱਜਲ-ਖੁਆਰ ਹੋ ਰਹੀ ਹੈ।”
ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਲੱਖਾਂ ਕੁਰਬਾਨੀਆਂ ਅਤੇ ਅਥਾਹ ਮਿਹਨਤ ਤੋਂ ਬਾਅਦ ਸਾਨੂੰ ਆਜ਼ਾਦੀ ਦਿਵਾਈ ਸੀ। ਇਕ ਆਮ ਅਤੇ ਮਿਹਨਤਕਸ਼ ਇਨਸਾਨ ਰੋਜ਼ਾਨਾ ਸਵੇਰੇ ਉੱਠ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਜਦਕਿ ਕੁੱਝ ਵਿਹਲੜ ਲੋਕ ਭਾਰਤ ਦਾ ਮਾਹੌਲ ਖ਼ਰਾਬ ਕਰਦੇ ਹਨ।
ਕੁਲਵੀਰ ਕਪੂਰ ਨੇ ਆਖਿਆ ਕਿ ਅਜਿਹੇ ਘਟਨਾਕ੍ਰਮਾਂ ਨੇ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ, “ਹੁਣ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਜਨਤਾ ਦੀ ਸੇਵਾ ਕਰਨ ਲਈ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਨਾ ਜ਼ਰੂਰੀ ਨਹੀਂ ਹੈ। ਮੈਂ ਪਹਿਲਾਂ ਵੀ ਇਕ ਸਮਾਜ ਸੇਵਕਾ ਵਜੋਂ ਕੰਮ ਕਰਦੀ ਸੀ ਅਤੇ ਆਪਣੇ ਆਖ਼ਰੀ ਸਾਹ ਤੱਕ ਦੇਸ਼ ਅਤੇ ਜਨਤਾ ਦੀ ਸੇਵਾ ਕਰਦੀ ਰਹਾਂਗੀ।” ਅਖ਼ੀਰ ਵਿਚ ਉਨ੍ਹਾਂ ਨੇ ‘ਜੈ ਹਿੰਦ, ਜੈ ਭਾਰਤ’ ਦੇ ਨਾਅਰੇ ਨਾਲ ਦੇਸ਼ ਪ੍ਰਤੀ ਆਪਣੀ ਸਮਰਪਣ ਭਾਵਨਾ ਨੂੰ ਦੁਹਰਾਇਆ।
ਕਾਬਿਲੇਗੌਰ ਹੈ ਕਿ ਕੁਲਵੀਰ ਕਪੂਰ ਕਾਫ਼ੀ ਸਮਾਂ ਭਾਜਪਾ ਵਿਚ ਸਰਗਰਮ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਆਖ ਕੇ ‘‘ਜੈ ਜਵਾਨ ਜੈ ਕਿਸਾਨ’’ ਪਾਰਟੀ ਜੁਆਇੰਨ ਕੀਤੀ ਸੀ ਅਤੇ ਇਸ ਨਵੀਂ ਪਾਰਟੀ ਨੇ ਉਨ੍ਹਾਂ ਨੂੰ ਖਰੜ ਦਾ ਹਲਕਾ ਇੰਚਾਰਜ ਥਾਪਿਆ ਗਿਆ ਸੀ ਪ੍ਰੰਤੂ ਚੰਦ ਦਿਨਾਂ ਮਗਰੋਂ ਉਨ੍ਹਾਂ ਨੇ ਇਹ ਪਾਰਟੀ ਵੀ ਛੱਡ ਦਿੱਤੀ। ਪੁੱਛੇ ਜਾਣ ’ਤੇ ਕੁਲਵੀਰ ਕਪੂਰ ਨੇ ਸਿਰਫ਼ ਏਨਾ ਹੀ ਆਖਿਆ ਕਿ ਭਵਿੱਖ ਵਿਚ ਵੀ ਉਹ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣੇਗੀ ਅਤੇ ਸਿਰਫ਼ ਸਮਾਜ ਸੇਵਾ ਦੇ ਕੰਮਾਂ ਰਾਹੀਂ ਆਮ ਜਨਤਾਂ ਨਾਲ ਜੁੜੇ ਰਹਿਣਗੇ।

Load More Related Articles
Load More By Nabaz-e-Punjab
Load More In Politics

Check Also

ਆਪ ਆਗੂ ਜਸਬੀਰ ਖਹਿਰਾ ਅਤੇ ਕਰਨਵੀਰ ਖਹਿਰਾ ਭਾਜਪਾ ’ਚ ਸ਼ਾਮਲ

ਆਪ ਆਗੂ ਜਸਬੀਰ ਖਹਿਰਾ ਅਤੇ ਕਰਨਵੀਰ ਖਹਿਰਾ ਭਾਜਪਾ ’ਚ ਸ਼ਾਮਲ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼…