ਕੌਂਸਲਰ ਅਰਵਿੰਦਰ ਕੌਰ ਨੇ ‘ਤੀਆਂ ਦਾ ਤਿਉਹਾਰ’ ਧੂਮਧਾਮ ਨਾਲ ਮਨਾਇਆ
ਇਲਾਕੇ ਦੀਆਂ ਔਰਤਾਂ ਨੇ ਖ਼ੂਬ ਪੀਂਘਾਂ ਝੂਟੀਆਂ, ਮਹਿੰਦੀ ਲਾਈ ਤੇ ਗਿੱਧਾ ਪਾਇਆ
ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਮੁਹਾਲੀ ਦੇ ਵਾਰਡ ਨੰ. 5 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਅਰਵਿੰਦਰ ਕੌਰ ਵੱਲੋਂ “ਤੀਆਂ ਦਾ ਤਿਉਹਾਰ, ਧੀਆਂ ਦਾ ਤਿਉਹਾਰ, ਖੁਸ਼ੀਆਂ ਦਾ ਤਿਉਹਾਰ..” ਦੇ ਬੈਨਰ ਹੇਠ ਸਾਵਣ ਮਹੀਨੇ ਦਾ ਪਵਿੱਤਰ ਤਿਉਹਾਰ ‘ਤੀਆਂ’ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਬੜੇ ਚਾਵਾਂ ਨਾਲ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਸੱਭਿਆਚਾਰ ਦਾ ਇਕ ਰੰਗਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਔਰਤਾਂ ਅਤੇ ਕੁੜੀਆਂ ਨੇ ਰੰਗ-ਬਿਰੰਗੀਆਂ ਚੂੜੀਆਂ ਪੁਆਈਆਂ ਅਤੇ ਹੱਥਾਂ ‘ਤੇ ਸੋਹਣੀ ਸੋਹਣੀ ਮਹਿੰਦੀ ਲਗਾਈ ਗਈ। ਮੁਟਿਆਰਾਂ ਦਾ ਚਾਅ ਦੇਖਦੇ ਹੀ ਬਣਦਾ ਸੀ। ਪੀਂਘਾਂ ਝੂਟੀਆਂ ਮੁਟਿਆਰਾਂ ਅਤੇ ਗਿੱਧੇ ਦੀ ਪੇਸ਼ਕਾਰੀ ਸਮਾਗਮ ਦੀ ਖਿੱਚ ਦਾ ਕੇਂਦਰ ਰਹੀ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮਹਿਲਾ ਕੌਂਸਲ ਅਰਵਿੰਦਰ ਕੌਰ ਅਤੇ ਸਮਰਥਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਹਾਜ਼ਰ ਔਰਤਾਂ ਨੇ ਪੀਂਘਾਂ ਝੂਟ ਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਦੌਰਾਨ ਔਰਤਾਂ ਨੇ ਢੋਲ ਦੀ ਥਾਪ ‘ਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ, ਜਿਸ ਵਿਚ ਔਰਤਾਂ ਨੇ ਰਲ-ਮਿਲ ਕੇ ਖ਼ੂਬ ਰੌਣਕਾਂ ਲਗਾਈਆਂ।
ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦਿਆਂ ਕੌਂਸਲਰ ਅਰਵਿੰਦਰ ਕੌਰ ਨੇ ਸਾਰਿਆਂ ਨੂੰ ਤੀਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਜਿਊਂਦਾ ਰੱਖਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਮਾਣ ਹਨ ਅਤੇ ਉਨ੍ਹਾਂ ਲਈ ਅਜਿਹੇ ਖੁਸ਼ੀਆਂ ਭਰੇ ਮੌਕੇ ਸਿਰਜਣਾ ਸਾਡਾ ਨੈਤਿਕ ਫ਼ਰਜ਼ ਹੈ। ਇਸ ਮੌਕੇ ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ ਤੇ ਗੁਰਪ੍ਰੀਤ ਕੌਰ ਬੈਦਵਾਨ ਅਤੇ ਬਲਾਕ ਸ਼ਰਨਜੀਤ ਕੌਰ ਸਮੇਤ ਸ਼ਹਿਰ ਦੀਆਂ ਔਰਤਾਂ ਵੱਡੀ ਗਿਣਤੀ ’ਚ ਮੌਜੂਦ ਸਨ।