Share on Facebook Share on Twitter Share on Google+ Share on Pinterest Share on Linkedin ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਮੁਹਾਲੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਮੁਹਾਲੀ ਸ਼ਹਿਰ ਦੇ ਕਈ ਸੈਕਟਰ ਹੋਏ ਜਲ-ਥਲ, ਲੋਕ ਪਰੇਸ਼ਾਨ ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ: ਐਤਵਾਰ ਨੂੰ ਹੋਈ ਮਹਿਜ਼ ਅੱਧੇ ਘੰਟੇ ਦੀ ਬਰਸਾਤ ਨੇ ਮੁਹਾਲੀ ਸ਼ਹਿਰ ਦੇ ਨਿਕਾਸ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿਚ ਭਾਰੀ ਪਾਣੀ ਭਰ ਜਾਣ ਕਾਰਨ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ: ਬੀਜੇਪੀ ਆਗੂ ਇਸ ਸਬੰਧੀ ਬੀਜੇਪੀ ਆਗੂ ਤਾਹਿਲ ਸ਼ਰਮਾ ਨੇ ਪ੍ਰਸ਼ਾਸਨਿਕ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਦੱਸਿਆ ਕਿ ਪਿਛਲੇ ਸਾਲ ਹੀ ਸੜਕਾਂ ਪੁੱਟ ਕੇ ਡਰੇਨੇਜ ਦੀਆਂ ਨਵੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਸ ‘ਤੇ ਨਗਰ ਨਿਗਮ ਨੇ ਕਰੋੜਾਂ ਰੁਪਏ ਖਰਚੇ ਸਨ। ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਈ ਹਲਕੀ ਬਾਰਿਸ਼ ਤੋਂ ਬਾਅਦ ਹੀ ਫੇਜ਼ 7 ਦੇ ਕਈ ਘਰਾਂ ਦੇ ਅੰਦਰ ਪਾਣੀ ਵੜ ਗਿਆ, ਜਿਸ ਨਾਲ ਲੋਕਾਂ ਦਾ ਕੀਮਤੀ ਸਾਮਾਨ ਖ਼ਰਾਬ ਹੋ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਇੱਥੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਸੜਕਾਂ ਬਣੀਆਂ ਤਲਾਬ, ਵਸਨੀਕਾਂ ‘ਚ ਭਾਰੀ ਰੋਸ : ਇਸੇ ਤਰ੍ਹਾਂ ਫੇਜ਼ 11 ਵਿਚ ਵੀ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਸੜਕਾਂ ‘ਤੇ ਪਾਣੀ ਇਕੱਠਾ ਹੋ ਗਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਹਰ ਸਾਲ ਬਰਸਾਤਾਂ ਦੇ ਦਿਨਾਂ ਵਿਚ ਆਉਂਦੀ ਹੈ ਅਤੇ ਪਾਣੀ ਘਰਾਂ ਵਿਚ ਵੜਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੋਕਾਂ ਨੇ ਇਸ ਸਮੱਸਿਆ ਵਿਰੁੱਧ ਫੇਜ਼ 11 ਦੀ ਮੁੱਖ ਸੜਕ ‘ਤੇ ਧਰਨਾ ਵੀ ਲਗਾਇਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅੱਜ ਦੀ ਬਾਰਿਸ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਸ਼ਾਸਨੀ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਸਨ। ਹੋਮਲੈਂਡ ਮਾਰਕੀਟ ਦੀ ਵੀਡੀਓ ਵਾਇਰਲ : ਸੈਕਟਰ 70 ਸਥਿਤ ਹੋਮਲੈਂਡ ਮਾਰਕੀਟ ਦੇ ਬਾਹਰ ਵੀ ਬਾਰਿਸ਼ ਤੋਂ ਬਾਅਦ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ’ਚ ਮਾਰਕੀਟ ਦੀ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਨੂੰ ਲੋਕ ਰੁੜ੍ਹਨ ਤੋਂ ਰੋਕਣ ਲਈ ਫੜਦੇ ਨਜ਼ਰ ਆ ਰਹੇ ਹਨ। ਵੀਡੀਓ ਰਾਹੀਂ ਲੋਕਾਂ ਨੇ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ “ਅਸੀਂ ਤਾਂ ਸਰਕਾਰ ਤੋਂ ਕਿਸ਼ਤੀਆਂ ਮੰਗੀਆਂ ਸਨ, ਪਰ ਸਾਡੀਆਂ ਗੱਡੀਆਂ ਨੂੰ ਹੀ ਕਿਸ਼ਤੀਆਂ ਬਣਾ ਦਿੱਤਾ ਗਿਆ।” ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਨਸੂਨ ਦੇ ਭਾਰੀ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਡਰੇਨੇਜ ਸਿਸਟਮ ਦੀ ਤੁਰੰਤ ਸਫ਼ਾਈ ਅਤੇ ਸੁਧਾਰ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ