ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ, ਮੁਹਾਲੀ, 17 ਮਾਰਚ:
ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ), ਜਿਲ੍ਹਾ ਮੁਹਾਲੀ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿੱਚ ਮੁਹਾਲੀ ਅਤੇ ਨੇੜਲੇ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਆਸ਼ਾ ਵਰਕਰ ਤੇ ਫੈਸੀਲੀਟੇਟਰ ਸਾਮਿਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰਾਂ ਦੇ ਸੂਬਾ ਜਨਰਲ ਸਕੱਤਰ ਪੰਜਾਬ ਸੀਮਾ ਰਾਣੀ, ਸੂਬਾ ਮੀਤ ਪ੍ਰਧਾਨ ਰਣਜੀਤ ਕੌਰ ਰੋਪੜ, ਜ਼ਿਲ੍ਹਾ ਪ੍ਰਧਾਨ ਮੁਹਾਲੀ ਭੁਪਿੰਦਰ ਕੌਰ, ਜਨਰਲ ਸਕੱਤਰ ਮੁਹਾਲੀ ਰਮਾ ਰਾਣੀ, ਵਿੱਤ ਸਕੱਤਰ ਰਣਜੀਤ ਕੌਰ ਅਤੇ ਹੋਰਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਆਸ਼ਾ ਵਰਕਰਾਂ ਦਾ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ।
ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰਕਾਰ ਨੇ ਚੋਣਾਂ ਵਿੱਚ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਜਦੋੱ ਕਿ ਸਕੀਮ ਵਰਕਰਾਂ ਦੀਆਂ ਉਜਰਤਾਂ ਵਿੱਚ ਕੋਈ ਵਾਧਾ ਨਹੀੱ ਕੀਤਾ ਗਿਆ। ਇਸੇ ਤਰ੍ਹਾਂ ਮਾਣ ਭੱਤੇ ਦੁਗਣੇ ਕਰਣ ਦਾ ਵਾਅਦਾ ਚੋਣ ਜੁਮਲਾ ਸਾਬਤ ਹੋ ਰਿਹਾ ਹੈ, ਜਦੋੱਕਿ ਇਹ ਵਰਗ ਸਭ ਤੋੱ ਲਤਾੜਿਆ ਵਰਗ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਇਹਨਾਂ ਵਰਕਰਾਂ ਨੂੰ ਬੰਧੂਆ ਮਜ਼ਦੂਰ ਸਮਝਦੀ ਹੈ ਤੇ ਹਰ ਕੰਮ ਲਈ ਇਹਨਾਂ ਨੂੰ ਹੁਕਮ ਚਾੜ ਦਿੰਦੀ ਹੈ। ਵਰਕਰਾਂ ਨੇ ਸਿਵਲ ਸਰਜਨ ਰਾਹੀਂ ਸਿਹਤ ਮੰਤਰੀ ਦੇ ਨਾਂ ਮੰਗ ਪੁੱਤਰ ਵੀ ਭੇਜਿਆ ਜਿਸ ਵਿੱਚ ਮਾਣ ਭੱਤਾ ਦੁਗਣਾ ਕਰਨ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਉਣ, ਸੇਵਾ ਮੁਕਤੀ ਸਮੇਂ ਫਿਕਸ ਮੁਆਵਜ਼ਾ ਅਤੇ ਗ੍ਰੈਚੁਅਟੀ ਦੇਣ, ਕੱਟੇ ਇਨਸੈਂਟਿਵ ਬਹਾਲ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਦੁਰਾਨ ਪੇਸ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨਾ ਆਦਿ ਸ਼ਾਮਲ ਹੈ।