Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ 8 ਕਰੋੜ ਰੁਪਏ ਦੀ ਨਿਵੇਸ਼ ਧੋਖਾਧੜੀ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ 14 ਸੂਬਿਆਂ ਵਿੱਚ ਲਗਪਗ 34 ਸਾਈਬਰ ਧੋਖਾਧੜੀ ਸ਼ਿਕਾਇਤਾਂ ਦਾ ਸਾਹਮਣਾ ਕਰ ਰਿਹਾ ਸੀ ਗਰੋਹ: ਗੌਰਵ ਯਾਦਵ ਧੋਖੇਬਾਜ਼ਾਂ ਨੇ ਜਾਅਲੀ ਸਟਾਕ ਮਾਰਕੀਟ ਸਕੀਮ ਰਾਹੀਂ ਪੀੜਤ ਦੇ 15 ਲੱਖ ਰੁਪਏ ਠੱਗੇ: ਏਡੀਜੀਪੀ ਵੀ. ਨੀਰਜਾ ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ: ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅੱਠ ਕਰੋੜ ਦੀ ਨਿਵੇਸ਼ ਧੋਖਾਧੜੀ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਚਕੂਲਾ ਤੋਂ ਵਰੁਣ ਕੁਮਾਰ ਅਤੇ ਅਬੋਹਰ ਤੋਂ ਸਾਹਿਲ ਸੇਠੀ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਸਟੇਟ ਸਾਈਬਰ ਕ੍ਰਾਈਮ ਥਾਣੇ ਵਿੱਚ ਬੀਐਨਐਸ ਦੀ ਧਾਰਾ 318(4) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 66(ਸੀ) ਅਤੇ 66(ਡੀ) ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗਰੋਹ ਟੈਲੀਗਰਾਮ ਅਤੇ ਵਟਸਐਪ ਗਰੁੱਪਾਂ ਰਾਹੀਂ ਸਟਾਕ ਮਾਰਕੀਟ ਨਿਵੇਸ਼ ਵਿੱਚ ਵੱਡੇ ਮੁਨਾਫ਼ੇ ਦੀ ਪੇਸ਼ਕਸ਼ ਦਾ ਛਲਾਵਾ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਗਰੋਹ ਦੇ ਮੈਂਬਰ ਪੀੜਤਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਮੋਬਾਈਲ ਵਿੱਚ ਇੱਕ ਜਾਅਲੀ ਏਪੀਕੇ ਐਪਲੀਕੇਸ਼ਨ ਇਨਸਟਾਲ ਕਰਵਾਉਂਦੇ ਸਨ, ਜਿਸ ’ਤੇ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ’ਤੇ ਭਾਰੀ ਵਾਪਸੀ ਦਾ ਵਾਅਦਾ ਕੀਤਾ ਜਾਂਦਾ ਸੀ। ਲਾਲਚ ਵਿੱਚ ਫਸ ਕੇ ਭੋਲੇ-ਭਾਲੇ ਲੋਕ ਬੜੀ ਆਸਾਨੀ ਨਾਲ ਧੋਖੇਬਾਜ਼ਾਂ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਨਿਵੇਸ਼ ਕਰ ਦਿੰਦੇ ਸਨ। ਮੁਲਜ਼ਮ ਵਰੁਣ ਕੁਮਾਰ ਨੇ ਆਪਣਾ ਬੈਂਕ ਖਾਤਾ ਸਾਹਿਲ ਸੇਠੀ ਨੂੰ ਕਮਿਸ਼ਨ ਦੇ ਆਧਾਰ ’ਤੇ ਕਿਰਾਏ ਉੱਤੇ ਦਿੱਤਾ ਸੀ, ਜੋ ਅੱਗੇ ਅਜਿਹੇ ਖਾਤੇ ਖ਼ਰੀਦਦਾ ਸੀ ਅਤੇ ਆਪਣੇ ਸਰਗਨਾ ਜੋ ਉਸ ਨਾਲ ਵਰਚੁਅਲ ਮੋਬਾਈਲ ਨੰਬਰਾਂ ਰਾਹੀਂ ਸੰਪਰਕ ਵਿੱਚ ਸਨ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਨਵੀਂ ਦਿੱਲੀ ਦੇ ਐਨਸੀਆਰ ਖੇਤਰ ਦੀਆਂ ਵੱਖ-ਵੱਖ ਥਾਵਾਂ ’ਤੇ ਸਾਈਬਰ ਵਿੱਤੀ ਧੋਖਾਧੜੀ ਲਈ ਅੱਗੇ ਵੇਚ ਦਿੰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਗਨਾ ਇਨ੍ਹਾਂ ਫ਼ਰਜ਼ੀ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਰਾਹੀਂ ਧੋਖਾਧੜੀ ਨਾਲ ਜੁਟਾਈ ਰਕਮ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਕਮਿਸ਼ਨ ਦਿੰਦੇ ਸਨ। ਉਨ੍ਹਾਂ ਕਿਹਾ, ‘‘ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ 14 ਰਾਜਾਂ ਵਿੱਚ ਲਗਪਗ 34 ਹੋਰ ਅਜਿਹੀਆਂ ਸਾਈਬਰ ਧੋਖਾਧੜੀ ਸ਼ਿਕਾਇਤਾਂ ਵਿੱਚ ਵੀ ਸ਼ਾਮਲ ਹਨ, ਜਿਨ੍ਹਾਂ ਵੱਲੋਂ 8 ਕਰੋੜ ਰੁਪਏ ਤੋਂ ਵੱਧ ਘੁਟਾਲਾ ਕੀਤਾ ਗਿਆ ਹੈ। ਵਰਚੁਅਲ ਮੋਬਾਈਲ ਨੰਬਰਾਂ ਅਤੇ ਇਨ੍ਹਾਂ ਧੋਖਾਧੜੀਆਂ ਲਈ ਜ਼ਿੰਮੇਵਾਰ ਵਿਆਪਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਏਡੀਜੀਪੀ (ਸਾਈਬਰ ਕਰਾਈਮ) ਵੀ. ਨੀਰਜਾ ਨੇ ਕਿਹਾ ਕਿ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਇੰਸਪੈਕਟਰ ਜੁਝਾਰ ਸਿੰਘ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਟੀਮ ਨੇ ਡੂੰਘਾਈ ਨਾਲ ਜਾਂਚ ਕੀਤੀ। ਏਡੀਜੀਪੀ ਨੇ ਕਿਹਾ ਕਿ ਦਿੱਲੀ/ਐਨ.ਸੀ.ਆਰ. ਖੇਤਰ ਵਿੱਚ ਵਰਚੁਅਲ ਮੋਬਾਈਲ ਨੰਬਰਾਂ ਅਤੇ ਜਾਅਲੀ ਬੈਂਕ ਖਾਤਿਆਂ ਦੀ ਡਲਿਵਰੀ ਬਾਰੇ ਹੋਰ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨੇ 14 ਰਾਜਾਂ ਵਿੱਚ ਸਰਗਰਮ ਵੱਡੇ ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। (ਸਾਵਧਾਨ ਰਹੋ, ਇਨ੍ਹਾਂ ਗੱਲਾਂ ’ਤੇ ਜ਼ਰੂਰ ਧਿਆਨ ਦੇਵੋ) ਸਿਰਫ਼ ਸੇਬੀ-ਰਜਿਸਟਰਡ ਸੰਸਥਾਵਾਂ ਨਾਲ ਹੀ ਨਿਵੇਸ਼ ਕਰੋ ਨਿਵੇਸ਼ ਉਤਪਾਦਾਂ ਦੀ ਪੁਸ਼ਟੀ ਕਰੋ ਅਤੇ ਗੈਰ-ਭਰੋਸੇਯੋਗ ਰਿਟਰਨ ਦਾ ਵਾਅਦਾ ਕਰਨ ਵਾਲੀਆਂ ਸਕੀਮਾਂ ਤੋਂ ਬਚੋ ਵਪਾਰਕ ਐਪਸ ਨੂੰ ਉਤਸ਼ਾਹਿਤ ਕਰਨ ਵਾਲੇ ਸ਼ੱਕੀ ਸੋਸ਼ਲ ਮੀਡੀਆ ਸਮੂਹਾਂ ਵਿੱਚ ਸ਼ਾਮਲ ਨਾ ਹੋਵੋ ਕਦੇ ਵੀ ਅਪ੍ਰਮਾਣਿਤ ਏਪੀਕੇ ਫਾਈਲਾਂ ਇੰਸਟਾਲ ਨਾ ਕਰੋ ਜਾਂ ਅਣਜਾਣ ਲੋਕਾਂ ਨਾਲ ਬੈਂਕ ਵੇਰਵੇ ਸਾਂਝੇ ਨਾ ਕਰੋ ਹੈਲਪਲਾਈਨ 1930 ’ਤੇ ਕਾਲ ਕਰਕੇ ਜਾਂ cybercrime.gov.in ’ਤੇ ਜਾ ਕੇ ਕਿਸੇ ਵੀ ਧੋਖਾਧੜੀ ਦੀ ਤੁਰੰਤ ਰਿਪੋਰਟ ਕਰੋ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ