‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਹੱਲ ਕਰਨ ਦਾ ਭਰੋਸਾ

ਕੈਮਿਸਟਾਂ ਦੇ ਵਫ਼ਦ ਨੇ ‘ਆਪ’ ਵਿਧਾਇਕ ਨਾਲ ਕੀਤੀ ਮੁਲਾਕਾਤ, ਜਾਂਚ ਦੀ ਆੜ ’ਚ ਤੰਗ ਕਰਨ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 16 ਜੂਨ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-79 ਸਥਿਤ ਪਾਰਟੀ ਦਫ਼ਤਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਜ਼ਿਆਦਾਤਰ ਸਮੱਸਿਆਵਾਂ ਬਿਜਲੀ-ਪਾਣੀ, ਸੜਕਾਂ ਦੀ ਮੁਰੰਮਤ, ਮੁਲਾਜ਼ਮਾਂ ਦੀਆਂ ਬਦਲੀਆਂ, ਥਾਣਿਆਂ ਨਾਲ ਸਬੰਧਤ ਸਨ।
ਇਸੇ ਦੌਰਾਨ ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਅਤੇ ਜਨਰਲ ਸਕੱਤਰ ਵਿਕਰਮ ਠਾਕਰ ਦੀ ਅਗਵਾਈ ਹੇਠ ਵਫ਼ਦ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੈਮਿਸਟ ਪੁਲੀਸ ਛਾਪਿਆਂ ਤੋਂ ਕਾਫ਼ੀ ਅੌਖੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਮੁਹਾਲੀ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੇ ਮਿਸ਼ਨ ਦਾ ਪੂਰਨ ਸਮਰਥਨ ਕਰਦੇ ਹਨ ਅਤੇ ਨੇਕ ਪਹਿਲਕਦਮੀ ਵਿੱਚ ਸਰਕਾਰ ਤੇ ਪ੍ਰਸ਼ਾਸਨ ਨਾਲ ਖੜੇ ਹਨ ਪ੍ਰੰਤੂ ਜਾਂਚ ਦੀ ਆੜ ਵਿੱਚ ਕਿਸੇ ਦੁਕਾਨਦਾਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੈਮਿਸਟ ਦੀਆਂ ਦੁਕਾਨਾਂ ’ਤੇ ਛਾਪਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਹ ਕੈਮਿਸਟ ਭਾਈਚਾਰੇ ਵਿੱਚ ਬੇਚੈਨੀ ਤੇ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ।
ਕੈਮਿਸਟਾਂ ਨੇ ਅਪੀਲ ਕੀਤੀ ਕਿ ਅਜਿਹੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਟੀਮ ਨੂੰ ਇਮਾਰਤ ਦੀ ਸਹੀ ਰੇਕੀ ਕਰਨ ਲਈ ਨਿਰਦੇਸ਼ ਦਿੱਤੇ ਜਾਣ। ਕਿਸੇ ਵੀ ਸ਼ੱਕ ਦੀ ਸੂਰਤ ਵਿੱਚ ਚਿੰਤਾ ਦੀ ਪੁਸ਼ਟੀ ਕਰਨ ਲਈ ਇੱਕ ਡੰਮੀ ਗਾਹਕ ਭੇਜਿਆ ਜਾ ਸਕਦਾ ਹੈ। ਜੇਕਰ ਸ਼ੁਰੂਆਤ ਵਿੱਚ ਕੁੱਝ ਵੀ ਇਤਰਾਜ਼ਯੋਗ ਪਾਇਆ ਜਾਂਦਾ ਹੈ ਤਾਂ ਹੀ ਛਾਪਾ ਮਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ 8-10 ਪੁਲੀਸ ਕਰਮਚਾਰੀ ਬਿਨਾਂ ਕਿਸੇ ਅਗਾਊਂ ਤਸਦੀਕ ਦੇ ਕਿਸੇ ਵੀ ਕੈਮਿਸਟ ਦੀ ਦੁਕਾਨ ਵਿੱਚ ਦਾਖ਼ਲ ਹੁੰਦੇ ਹਨ ਪ੍ਰੰਤੂ ਕੁਝ ਨਹੀਂ ਮਿਲਦਾ ਤਾਂ ਇਹ ਨਾ ਸਿਰਫ਼ ਦੁਕਾਨਦਾਰ ਨੂੰ ਬੇਲੋੜੀ ਸ਼ਰਮਿੰਦਗੀ ਦਾ ਕਾਰਨ ਬਣਦਾ ਹੈ, ਸਗੋਂ ਕੈਮਿਸਟਾਂ ਵਿੱਚ ਨਿਰਾਸ਼ਾ ਫੈਲਦੀ ਹੈ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਾਂਚ ਦੀ ਆੜ ਵਿੱਚ ਕਿਸੇ ਕੈਮਿਸਟ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫਲ ਬਣਾਉਣ ਲਈ ਕੈਮਿਸਟਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…