ਸਾਨੂੰ ਸਾਰਿਆਂ ਨੂੰ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ: ਕਟਾਰੀਆ

ਭਗਤ ਕਬੀਰ ਸੱਚੇ-ਸੁੱਚੇ ਪੀਰ ਸਨ ਜੋ ਮਨੁੱਖ ਦੀਆਂ ਪੀੜਾਂ ਨੂੰ ਭਲੀਭਾਂਤ ਸਮਝਦੇ ਸੀ: ਕਟਾਰੀਆ

ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ ਨੇ ਸੀਜੀਸੀ ਲਾਂਡਰਾਂ ਵਿੱਚ ਕਰਵਾਇਆ ਸੂਬਾ ਪੱਧਰੀ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ:
ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਭਗਤ ਕਬੀਰ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਅੰਮਿਤਸਰ (ਉੱਤਰੀ ਹਲਕੇ) ਤੋਂ ‘ਆਪ’ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਵਾਈਸ ਚਾਂਸਲਰ ਡਾ. ਕੁਲਦੀਪ ਅਗਨੀਹੋਤਰੀ ਵਿਸ਼ੇਸ਼ ਮਹਿਮਾਨ ਸਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਤ ਕਬੀਰ ਜੀ ਦੇ ਜੀਵਨ ਨੂੰ ਸਮਝਕੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਸੱਚੇ-ਸੁੱਚੇ ਪੀਰ ਸਨ ਜੋ ਮਨੁੱਖ ਦੀਆਂ ਪੀੜਾਂ ਨੂੰ ਭਲੀਭਾਂਤ ਸਮਝਦੇ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ (ਕਾਸ਼ੀ) ਵਿੱਚ ਜਨਮੇ ਮਹਾਨ ਸੰਤ ਭਾਵੇਂ ਕਿਤਾਬੀ ਗਿਆਨ ਤੋਂ ਵਾਂਝੇ ਸਨ ਪਰ ਉਨ੍ਹਾਂ ਨੇ ਸੰਤ-ਮਹਾਂਪੁਰਖਾਂ ਦੀ ਸੰਗਤ ਤੋਂ ਅਨੁਭਵ ਦੇ ਆਧਾਰ ’ਤੇ ਗਿਆਨ ਪ੍ਰਾਪਤ ਕੀਤਾ। ਇਸੇ ਲਈ ਸੈਂਕੜੇ ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਆਮ ਨਾਗਰਿਕ, ਸਮਾਜ ਅਤੇ ਬੁੱਧੀਜੀਵੀਆਂ ਵਿੱਚ ਬਰਾਬਰ ਅਸਰਦਾਰ ਹਨ। ਰਾਜਪਾਲ ਨੇ ਕਿਹਾ ਕਿ ਮਨੁੱਖ ਜਿੰਨਾ ਆਪਣੇ ਅੰਦਰ ਝਾਤ ਮਾਰ ਕੇ ਦੇਖੇਗਾ, ਉਸ ਨੂੰ ਉਨਾਂ ਜ਼ਿਆਦਾ ਗਿਆਨ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਗਿਆਨ ਤੋਂ ਆਪਣੇ ਜੀਵਨ ਵਿੱਚ ਕੋਈ ਅੱਗੇ ਨਹੀਂ ਵਧ ਸਕਦਾ। ਸੰਗਤਪੰਗਤ ਦੀ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਅਫ਼ਸੋਸ ਅਜੋਕੇ ਸਮੇਂ ਵਿੱਚ ਵੀ ਭੇਦਭਾਵ ਜਾਰੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਭਗਤੀ ਲਹਿਰ ਦੇ ਪ੍ਰਮੁੱਖ ਥੰਮ ਸਨ, ਜੋ ਪ੍ਰਮਾਤਮਾ ਪ੍ਰਤੀ ਪਿਆਰ ਅਤੇ ਸ਼ਰਧਾ ’ਤੇ ਕੇਂਦਰਿਤ ਸੀ। ਕਬੀਰ ਜੀ ਨੂੰ ਸੰਤ ਰਾਮਾਨੰਦ ਅਤੇ ਸ਼ੇਖ਼ ਤਾਕੀ ਵਰਗੇ ਗੁਰੂਆਂ ਤੋਂ ਅਧਿਆਤਮਿਕ ਮਾਰਗਦਰਸ਼ਨ ਪ੍ਰਾਪਤ ਹੋਇਆ, ਜਿਸਨੇ ਉਨ੍ਹਾਂ ਦੇ ਵਿਲੱਖਣ ਦਰਸ਼ਨ (ਫ਼ਿਲਾਸਫ਼ੀ) ਨੂੰ ਆਕਾਰ ਦਿੱਤਾ।
ਇਸ ਤੋਂ ਪਹਿਲਾਂ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਭਗਤ ਕਬੀਰ ਜੀ ਇੱਕ ਸਮਾਜਿਕ ਵਿਗਿਆਨੀ ਦੇ ਰੂਪ ਵਿੱਚ ਜਾਣੇ ਜਾਂਦੇ ਜਾਂਦੇ ਹਨ, ਭਗਤ ਕਬੀਰ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਪ੍ਰਮਾਣਿਕਤਾ ਅੱਜ ਵੀ ਪੂਰੀ ਤਰ੍ਹਾਂ ਸਮੁੱਚੀ ਲੁਕਾਈ ਦੇ ਵਿੱਚ ਬਰਕਰਾਰ ਹੈ। ਡਾ. ਕੁਲਦੀਪ ਅਗਨੀਹੋਤਰੀ ਨੇ ਕਿਹਾ ਕਿ ਭਗਤ ਕਬੀਰ ਨੇ ਮੱਧਕਾਲ ਦੇ ਵਿੱਚ ਵੀ ਰਾਜਿਆਂ-ਮਹਾਰਾਜਿਆਂ ਦੀ ਮੌਜੂਦਗੀ ਦੇ ਵਿੱਚ ਸਪੱਸ਼ਟ ਅਤੇ ਨਿਡਰਤਾ ਨਾਲ ਕਿਹਾ ਕਿ ਸ਼ਬਦਾਂ ਦੇ ਅੰਦਰ ਅਰਥ ਹੁੰਦੇ ਹਨ ਅਤੇ ਅਰਥਾਂ ਦੇ ਪਿੱਛੇ ਜਾ ਕੇ ਹੀ ਜੀਵਨ ਦੀ ਸਚਾਈ ਲੱਭੀ ਜਾ ਸਕਦੀ ਹੈ। ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਵਾਈਸ ਚਾਂਸਲਰ ਡਾ. ਕੁਲਦੀਪ ਅਗਨੀਹੋਤਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਸੰਜੀਵ ਵਸ਼ਿਸ਼ਟ ਤੇ ਸੁਖਵਿੰਦਰ ਸਿੰਘ ਗੋਲਡੀ, ਕੁਲਜੀਤ ਸਿੰਘ ਬੇਦੀ, ਸਿੱਖ ਚਿੰਤਕ ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰਧਾਨ ਬਲਵਿੰਦਰ ਸਿੰਘ, ਸਟੇਟ ਐਵਾਰਡੀ ਫੂਲਰਾਜ ਸਿੰਘ, ਕੰਵਲਜੀਤ ਸਿੰਘ ਰੂਬੀ, ਰਾਜਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਕਾਹਲੋਂ, ਪ੍ਰੇਮ ਸਿੰਘ ਢਿੱਲੋਂ, ਗਗਨਪ੍ਰੀਤ ਸਿੰਘ ਬੈਂਸ ਤੇ ਗੁਰਜੀਤ ਸਿੰਘ ਸ਼ੇਖਨ ਮਾਜਰਾ, ਗੁਰਮੁੱਖ ਸਿੰਘ ਸੋਹਲ, ਜਸਵੰਤ ਸਿੰਘ ਭੁੱਲਰ, ਹਰਮਨਪ੍ਰੀਤ ਸਨੀ ਖੰਨਾ, ਡੀਐਸਪੀ ਹਰਸਿਮਰਤ ਸਿੰਘ ਬੱਲ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਕੀਤਾ। ਅਖੀਰ ਵਿੱਚ ਸੰਸਥਾ ਦੇ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਚੰਦਰ ਸ਼ੇਖ਼ਰ, ਸਾਬਕਾ ਕੌਂਸਲਰ ਕਮਲਜੀਤ ਕੌਰ ਸੋਹਾਣਾ, ਜਸਵੀਰ ਕੌਰ ਅੱਤਲੀ, ਪ੍ਰਿਤਪਾਲ ਸਿੰਘ ਖੁੱਡਾ ਅਲੀਸ਼ੇਰ, ਬਲਿੰਦਰ ਸਿੰਘ, ਕੁਲਦੀਪ ਸਿੰਘ ਕੁੰਭੜਾ, ਗੁਰੂ ਆਸਰਾ ਟਰੱਸਟ ਤੋਂ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…