ਕੌਮ ਲਈ ਲੜਨ ਵਾਲੇ ਭਾਈ ਵਰਿਆਮ ਸਿੰਘ ਦਾ ਪੋਤਾ ਦੇਸ਼ ਛੱਡਣ ਲਈ ਮਜਬੂਰ, ਸਿੱਖਾਂ ਨੇ ਨਹੀਂ ਫੜੀ ਬਾਂਹ

ਪੀੜਤ ਪਰਿਵਾਰ ਨੇ ਰਾਮੂਵਾਲੀਆ ਦੇ ਸੋਹਲੇ ਗਾਏ, ਕਿਹਾ ਜੇ ਰਾਮੂਵਾਲੀਆ ਨਾ ਹੁੰਦੇ ਤਾਂ ਜੇਲ੍ਹ ’ਚੋਂ ਲਾਸ਼ ਹੀ ਆਉਂਦੀ

ਨਬਜ਼-ਏ-ਪੰਜਾਬ, ਮੁਹਾਲੀ, 7 ਜੂਨ:
ਸਿੱਖ ਕੌਮ ਲਈ ਲੜਨ ਵਾਲੇ ਬੰਦੀ ਸਿੰਘ ਭਾਈ ਵਰਿਆਮ ਸਿੰਘ ਦਾ ਪਰਿਵਾਰ ਐਸਜੀਪੀਸੀ ਅਤੇ ਸਿੱਖ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੈ ਅਤੇ ਹੁਣ ਉਨ੍ਹਾਂ ਦਾ ਪੋਤਾ ਜੁਗਰਾਜ ਸਿੰਘ ਦੇਸ਼ ਛੱਡ ਕੇ ਵਿਦੇਸ਼ ਵਿੱਚ ਰਹਿਣ ਅਤੇ ਰੁਜ਼ਗਾਰ ਲਈ ਜਾਣਾ ਚਾਹੁੰਦਾ ਹੈ। ਪੋਤੀ ਸਿਮਰਨਜੀਤ ਕੌਰ ਵੀ ਉੱਚ ਸਿੱਖਿਆ ਹਾਸਲ ਕਰਨ ਅਤੇ ਨੌਕਰੀ ਲਈ ਖੱਜਲ ਹੋ ਰਹੀ ਹੈ ਜਦੋਂਕਿ ਨੂੰਹ ਸੁਖਬੀਰ ਕੌਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਅਨੇਕਾਂ ਮੁਸੀਬਤਾਂ ਝੱਲ ਰਹੀ ਹੈ।
ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁਹਾਲੀ ਸਥਿਤ ਆਪਣੇ ਨਿਵਾਸ ’ਤੇ ਅੱਜ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੂੰ ਮੀਡੀਆ ਦੇ ਰੂਬਰੂ ਕੀਤਾ। ਪੀੜਤ ਪਰਿਵਾਰ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਸਿੱਖ ਕੌਮ ਪ੍ਰਤੀ ਕੁਰਬਾਨੀਆਂ ਦੇਣ ਵਾਲੇ ਸਿੰਘਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਨ੍ਹਾਂ ਨੇ ਰਾਮੂਵਾਲੀਆ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਜੇਕਰ ਉਹ (ਰਾਮੂਵਾਲੀਆ) ਨਾ ਹੁੰਦੇ ਸ਼ਾਇਦ ਬਰੇਲੀ ਜੇਲ੍ਹ ’ਚੋਂ ਭਾਈ ਵਰਿਆਮ ਸਿੰਘ ਦੀ ਲਾਸ਼ ਹੀ ਆਉਂਦੀ ਪ੍ਰੰਤੂ ਰਾਮੂਵਾਲੀਆ ਦੀ ਮਿਹਰਬਾਨੀ ਸਦਕਾ ਉਨ੍ਹਾਂ ਨੂੰ ਪੱਕੀ ਪੈਰੋਲ ਮਿਲੀ। ਪਰਿਵਾਰ ਨੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਉਨ੍ਹਾਂ ਦੀ ਵਿੱਤੀ ਮਦਦ ਕੀਤੀ ਅਤੇ ਭਾਈ ਗੱਜਣ ਸਿੰਘ ਰਾਜ ਰੇਡੀਓ ਵਾਲਿਆਂ ਦੀ ਅਪੀਲ ’ਤੇ ਇੰਗਲੈਂਡ ਦੇ ਕੁੱਝ ਸਿੱਖਾਂ ਨੇ ਵੀ ਮਦਦ ਕੀਤੀ। ਇਨ੍ਹਾਂ ਤੋਂ ਬਿਨਾਂ ਕਿਸੇ ਹੋਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਉਹ ਸਮਾਜ ਵਿੱਚ ਦਰ-ਦਰ ਦੀਆਂ ਠੋਕਰਾਂ ਲਈ ਮਜਬੂਰ ਹਨ।
ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਸਿੱਖ ਪਰਿਵਾਰਾਂ ਦੀ ਸਾਰ ਲੈਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਤੀਜੀ ਪੀੜ੍ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਅਤੇ ਬੱਚਿਆਂ ਦੇ ਪਾਲਣ-ਪੋਸਣ ਲਈ ਮਦਦ ਨੂੰ ਉਡੀਕ ਰਹੀ ਹੈ ਪਰ ਕਿਸੇ ਪਾਸਿਓਂ ਖੈਰ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ 27 ਸਾਲ ਜੇਲ੍ਹ ਵਿੱਚ ਰਹੇ ਪ੍ਰੰਤੂ ਪਰਿਵਾਰ ਨੂੰ ਇੱਕ ਘੰਟਾ ਮਿਲਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਨੇ ਰਿਹਾਅ ਕਰਵਾਉਣ ਲਈ ਚਾਰਾਜੋਈ ਕੀਤੀ ਪ੍ਰੰਤੂ ਜਦੋਂ ਉਹ ਯੂਪੀ ਵਿੱਚ ਜੇਲ੍ਹ ਮੰਤਰੀ ਬਣੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਈ ਸਾਹਿਬ ਨੂੰ ਰਿਹਾਅ ਕਰਵਾਇਆ। ਬਾਅਦ ਵਿੱਚ ਮਹੀਨਿਆਂਬੱਧੀ ਬਰੇਲੀ ਦੇ ਹਸਪਤਾਲ ਵਿੱਚ ਦੋਵੇਂ ਪਤੀ-ਪਤਨੀ ਕੈਂਸਰ ਨਾਲ ਜੂਝਦੇ ਹੋਏ ਅਕਾਲ ਚਲਾਣਾ ਕਰ ਗਏ। ਭਾਈ ਵਰਿਆਮ ਸਿੰਘ ਦੀ 2021 ਵਿੱਚ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਪਤਨੀ 2018 ਵਿੱਚ ਦੁਨੀਆ ਤੋਂ ਤੁਰ ਗਈ। ਇਨ੍ਹਾਂ ਦਾ ਇਲਾਜ ਤਾਂ ਕੀ ਕਰਵਾਉਣਾ ਸੀ ਕਿਸੇ ਸਿੱਖ ਨੇ ਖ਼ਬਰ-ਸਾਰ ਵੀ ਨਹੀਂ ਲਈ।
ਰਾਮੂਵਾਲੀਆ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਤੇ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਪੰਜਾਬੀਆਂ ਨੂੰ ਨਜ਼ਰ-ਅੰਦਾਜ਼ ਕਰਕੇ ਬਾਹਰੀ ਆਗੂਆਂ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ ਹਨ। ਜਿਸ ਕਾਰਨ ‘ਆਪ’ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ। ਤਲਵੰਡੀ ਸਾਬੋ ਵਿੱਚ ਮਨੀਸ਼ ਸਿਸੋਦੀਆਂ ਦੇ ਨਾਂਅ ਦੇ ਨੀਂਹ ਪੱਥਰ ਲੱਗੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਪੰਜਾਬ ਨੂੰ ਸਿਸੋਦੀਆ ਦੀ ਕੀ ਦੇਣ ਹੈ? ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਇਸ ਲਈ ਪੰਜਾਬੀਆਂ ਨੂੰ ਹੀ ਤਕੜੇ ਹੋਣਾ ਪਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…