Share on Facebook Share on Twitter Share on Google+ Share on Pinterest Share on Linkedin ਗਮਾਡਾ ਦੀ ਅਣਦੇਖੀ: ਸੈਕਟਰ-69 ਦੇ ਬਾਸ਼ਿੰਦੇ ਪੱਕਾ ਲਾਂਘਾ ਨਾ ਹੋਣ ਕਾਰਨ ਕਾਫ਼ੀ ਅੌਖੇ ਪੰਜਾਬ ਸਰਕਾਰ ਤੇ ਗਮਾਡਾ ਦੇ ਹਾੜੇ ਕੱਢ ਕੇ ਥੱਕ ਚੁੱਕੇ ਹਨ ਸੈਕਟਰ ਵਾਸੀ ਹੁਣ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਮੀਦ: ਸਤਵੀਰ ਧਨੋਆ ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ: ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਦੇ ਸੈਕਟਰ-69 ਵਿੱਚ ਦਾਖ਼ਲ ਹੋਣ ਲਈ ਵਣ ਭਵਨ ਵਾਲੇ ਪਾਸਿਓਂ ਕੋਈ ਪੱਕਾ ਲਾਂਘਾ ਨਹੀਂ ਹੈ। ਜਿਸ ਕਾਰਨ ਸੈਕਟਰ ਵਾਸੀ ਕਰੀਬ ਢਾਈ ਦਹਾਕਿਆਂ ਤੋਂ ਤੰਗ ਪ੍ਰੇਸ਼ਾਨ ਹੋ ਰਹੇ ਹਨ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਸਥਾਨ ਲੋਕ ਪੰਜਾਬ ਸਰਕਾਰ ਅਤੇ ਗਮਾਡਾ ਦੇ ਤਰਲੇ ਕੱਢ ਕੇ ਥੱਕ ਚੁੱਕੇ ਹਨ ਲੇਕਿਨ ਕਿਸੇ ਨੇ ਬਾਂਹ ਨਹੀਂ ਫੜੀ। ਬੀਤੇ ਦਿਨੀਂ ਵੀ ਉਹ ਸਮਾਂ ਲੈ ਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਨ ਗਏ ਸੀ ਪ੍ਰੰਤੂ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਸੀਏ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਰੁੱਝੇ ਹੋਏ ਸੀ। ਜਿਸ ਕਾਰਨ ਉਹ ਦਫ਼ਤਰੀ ਅਮਲੇ ਨੂੰ ਮੰਗ ਪੱਤਰ ਦੇ ਕੇ ਵਾਪਸ ਆ ਗਏ। ਵਫ਼ਦ ਵਿੱਚ ਕਰਮ ਸਿੰਘ ਮਾਵੀ, ਕੁਲਵੰਤ ਸਿੰਘ, ਰਾਜਿੰਦਰ ਸਿੰਘ ਆਹਲੂਵਾਲੀਆ, ਹਰਮੀਤ ਸਿੰਘ ਅਤੇ ਅਸ਼ੋਕ ਅਰੋੜਾ ਵੀ ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ 25 ਸਾਲ ਪਹਿਲਾਂ ਸੈਕਟਰ-69 ਨੂੰ ਵਸਾਇਆ ਗਿਆ ਪਰ ਵੱਡੇ ਹਿੱਸੇ ਨੂੰ ਹਾਲੇ ਤੱਕ ਨਕਸ਼ੇ ਮੁਤਾਬਕ ਮਨਜ਼ੂਰਸ਼ੁਦਾ ਰਸਤਾ (ਜੋ ਵਾਟਰ ਵਰਕਸ ਦੇ ਅੱਗਿਓਂ ਮੁੱਖ ਸੜਕ ਨਾਲ ਮਿਲਦਾ ਹੈ) ਨਸੀਬ ਨਹੀਂ ਹੋਇਆ। ਸੈਕਟਰ ਦੇ ਬਾਸ਼ਿੰਦੇ ਰਸਤੇ ਲਈ ਸਰਕਾਰੇ-ਦਰਬਾਰੇ ਚੱਕਰ ਕੱਟ ਕੇ ਹੰਭ ਗਏ ਹਨ ਪਰ ਗਮਾਡਾ ਨੇ ਲੋਕਾਂ ਦਾ ਦਰਦ ਨਹੀਂ ਸਮਝਿਆ। ਮੌਜੂਦਾ ਸਮੇਂ ਵਿੱਚ ਲੋਕ ਆਰਜ਼ੀ ਤੌਰ ’ਤੇ ਮਿਲੇ ਰਸਤੇ ਰਾਹੀਂ ਘੁੰਮ ਕੇ ਸੈਕਟਰ ਵਿੱਚ ਦਾਖ਼ਲ ਹੁੰਦੇ ਹਨ ਅਤੇ ਇਸ ਟੇਢੇ ਮੇਢੇ ਰਸਤੇ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸਾਬਕਾ ਕੌਂਸਲਰ ਧਨੋਆ ਨੇ ਦੱਸਿਆ ਕਿ ਸੈਕਟਰ ਵਾਸੀਆਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵੀ ਗਮਾਡਾ ਨੂੰ ਡੀਓ ਲੈਟਰ ਲਿਖੇ ਹਨ ਪ੍ਰੰਤੂ ਗਮਾਡਾ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ। ਪੀੜਤ ਲੋਕਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਦਖ਼ਲ ਦੇ ਕੇ ਇਸ ਮਸਲੇ ਦਾ ਹੱਲ ਕਰਨ ਦੀ ਗੁਹਾਰ ਲਗਾਈ ਹੈ। ਨਾਲ ਹੀ ਉਨ੍ਹਾਂ ਨੇ ਗਮਾਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਲੋਕ ਮਸਲੇ ਹੱਲ ਕਰਨ ਦੀ ਬਿਜਾਏ ਪੰਜਾਬ ਦਾ ਸਭ ਤੋਂ ਵੱਡਾ ਪ੍ਰਾਪਰਟੀ ਡੀਲਰ ਬਣ ਚੁੱਕਾ ਹੈ। ਧਨੋਆ ਨੇ ਕਿਹਾ ਕਿ ਜੇਕਰ ਜਲਦੀ ਮਨਜ਼ੂਰਸ਼ੁਦਾ ਲਾਂਘਾ ਨਹੀਂ ਖੋਲ੍ਹਿਆ ਤਾਂ ਆਉਂਦੇ ਦਿਨਾਂ ਵਿੱਚ ਸਮੂਹ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਗਮਾਡਾ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ