ਸ਼ਾਹੀਮਾਜਰਾ ਸਕੂਲ ਦੀ ਹਾਲਤ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ: ਕੁਲਜੀਤ ਬੇਦੀ

ਤਿੰਨ ਕੁ ਮਰਲੇ ਦੇ ਛੋਟੇ ਪਲਾਟ ਵਿੱਚ ਚਾਰ ਕਮਰਿਆਂ ’ਚ 300 ਬੱਚੇ ਤੇ ਅੱਠ ਅਧਿਆਪਕ ਠੂੰਸੇ

ਨਬਜ਼-ਏ-ਪੰਜਾਬ, ਮੁਹਾਲੀ, 29 ਮਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹੀਮਾਜਰਾ ਦਾ ਦੌਰਾ ਕਰਕੇ ਬੱਚਿਆਂ ਨਾਲ ਗੱਲ ਕੀਤੀ ਅਤੇ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਕੂਲ ਦੇ ਮੌਜੂਦਾ ਹਾਲਤ ਦੇਖ ਕੇ ਰੋਸ ਪ੍ਰਗਟਾਇਆ ਅਤੇ ਮੰਗ ਕੀਤੀ ਕਿ ਸਕੂਲ ਦੀ ਹਾਲਤ ਸੁਧਾਰੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਸ਼ਾਹੀਮਾਜਰਾ ਸਕੂਲ ਦੀ ਜ਼ਮੀਨੀ ਹਕੀਕਤ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀ ਹੈ। ਲਗਪਗ ਤਿੰਨ ਕੁ ਮਰਲੇ ਦੇ ਛੋਟੇ ਜਿਹੇ ਪਲਾਟ ਵਿੱਚ ਚਾਰ ਕਮਰਿਆਂ ਵਿੱਚ 300 ਬੱਚੇ ਅਤੇ ਅੱਠ ਅਧਿਆਪਕ ਠੂੰਸੇ ਹੋਏ ਹਨ। ਇੱਕ ਕਮਰੇ ਵਿੱਚ ਦੋ-ਦੋ ਕਲਾਸਾਂ ਲੱਗ ਰਹੀਆਂ ਹਨ, ਅੱਤ ਦੀ ਗਰਮੀ ਵਿੱਚ ਸਾਹ ਲੈਣਾ ਵੀ ਅੌਖਾ ਹੋਇਆ ਪਿਆ ਹੈ। ਨਾ ਖੇਡ ਮੈਦਾਨ, ਨਾ ਬੱਚਿਆਂ ਲਈ ਬਾਹਰ ਬੈਠਣ ਦੀ ਥਾਂ। ਪ੍ਰਾਇਮਰੀ ਸਕੂਲ ਦੇ ਛੋਟੇ-ਛੋਟੇ ਬੱਚਿਆਂ ਲਈ ਕੋਈ ਝੂਲਾ ਤੱਕ ਨਹੀਂ।
ਕੁਲਜੀਤ ਬੇਦੀ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਪਹਿਲਾਂ ਧਰਮਸ਼ਾਲਾ ਸੀ, ਜਿਸ ਨੂੰ ਮੁਰੰਮਤ ਕਰਕੇ ਆਰਜ਼ੀ ਸਕੂਲ ਬਣਾਇਆ ਗਿਆ ਸੀ। ਇੱਥੇ ਹੀ ਖੇੜਾ ਹੈ, ਜਿੱਥੇ ਪਿੰਡ ਦੇ ਲੋਕ ਸਮਾਗਮ ਕਰਦੇ ਹਨ। ਐਨੀ ਵੱਡੀ ਗਿਣਤੀ ਬੱਚਿਆਂ ਲਈ ਇਹ ਇਮਾਰਤ ਨਾ ਕੇਵਲ ਅਸੁਰੱਖਿਅਤ ਹੈ, ਸਗੋਂ ਇੱਥੇ ਨਾ ਮਿਡ-ਡੇਅ-ਮੀਲ ਪਕਾਉਣ ਦੀ ਥਾਂ ਹੈ, ਨਾ ਬੱਚਿਆਂ ਲਈ ਵਾਸ਼ਰੂਮ ਦੀ ਪੁਖ਼ਤਾ ਸਹੂਲਤ।
ਡਿਪਟੀ ਮੇਅਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਕਾਇਆ-ਕਲਪ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਸ਼ਾਹੀਮਾਜਰਾ ਸਕੂਲ ਹਕੀਕਤ ਤੋਂ ਅਣਜਾਣ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਲਈ ਲੋੜੀਂਦੀ ਜ਼ਮੀਨ ਅਲਾਟ ਕਰਕੇ ਇਮਾਰਤ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਨਾਲ ਹੀ ਗਮਾਡਾ ਦਾ ਵੱਡਾ ਪਾਰਕ ਹੈ, ਇੱਥੇ ਸਕੂਲ ਦੀ ਇਮਾਰਤ ਬਣਾਈ ਜਾ ਸਕਦੀ ਹੈ ਅਤੇ ਬੱਚਿਆਂ ਨੂੰ ਖੇਡ ਦਾ ਮੈਦਾਨ ਵੀ ਮਿਲ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…